ਚੰਡੀਗੜ੍ਹ, 15 ਦਸੰਬਰ 2021 – ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨੀ ਸੰਘਰਸ਼ ਪੂਰੇ 378 ਦਿਨਾਂ ਬਾਅਦ ਖਤਮ ਹੋ ਗਿਆ ਹੈ। ਕਿਸਾਨਾਂ ਨੇ 11 ਦਸੰਬਰ ਨੂੰ ਦਿੱਲੀ ਦੇ ਬਾਰਡਰਾਂ ਤੋਂ ਚਾਲੇ ਪਾ ਲਏ ਸਨ ਅਤੇ ਕੁੱਝ ਜਥੇਬੰਦੀਆਂ ਅਜੇ ਦਿੱਲੀ ਦੇ ਬਾਰਡਰਾਂ ‘ਤੇ ਮੌਜੂਦ ਸਨ ਅਤੇ ਸਾਰੇ ਸਫਾਈ ਦੇ ਕੰਮ ਵੀ ਪੂਰੇ ਕਰ ਲਏ ਗਏ ਹਨ, ਜਿਸ ਤੋਂ ਬਾਅਦ ਹੁਣ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੋਂ ਕਿਸਾਨ ਅੱਜ ਪੂਰੀ ਤਰ੍ਹਾਂ ਘਰ ਵਾਪਸ ਆ ਜਾਣਗੇ। ਗਾਜ਼ੀਪੁਰ ਬਾਰਡਰ, ਟਿੱਕਰੀ ਬਾਰਡਰ, ਸਿੰਘੂ ਬਾਰਡਰ ਇੱਕ ਵਾਰ ਫਿਰ ਆਮ ਲੋਕਾਂ ਲਈ ਖੁੱਲ੍ਹ ਜਾਣਗੇ। ਹਰਿਆਣਾ ਦੇ ਟੋਲ ਤੋਂ ਕਿਸਾਨਾਂ ਦਾ ਹੜਤਾਲੀ ਪ੍ਰਦਰਸ਼ਨ ਵੀ ਖਤਮ ਹੋਵੇਗਾ। ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਸਵੇਰੇ ਹਵਨ ਕਰ ਕੇ ਸਮਰਥਕਾਂ ਨਾਲ ਘਰ ਪਰਤਣਗੇ।
ਇਸ ਤੋਂ ਬਿਨਾਂ ਪੰਜਾਬ ਦੀਆਂ ਜਥੇਬੰਦੀਆਂ ਨੇ ਵੀ ਐਲਾਨ ਕੀਤਾ ਸੀ ਕਿ 15 ਦਸੰਬਰ ਨੂੰ ਪੰਜਾਬ ਵਿੱਚੋਂ ਵੀ ਸਾਰੇ ਧਰਨੇ ਸਮਾਪਤ ਕਰ ਦਿੱਤੇ ਜਾਣਗੇ, ਜਿਸ ਕਾਰਨ ਅੱਜ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਚੱਲ ਰਹੇ ਸਾਰੇ ਹੀ ਧਰਨੇ ਸਮਾਪਤ ਕਰਕੇ ਕਿਸਾਨ ਆਪਣੇ ਘਰਾਂ ਨੂੰ ਪਰਤ ਜਾਣਗੇ।
ਅੱਜ ਪੂਰੇ ਪੰਜਾਬ-ਹਰਿਆਣਾ ਵਿੱਚ ਟੋਲ ਨਾਕਿਆਂ, ਮਾਲਾਂ ਅਤੇ ਪੈਟਰੋਲ ਪੰਪਾਂ ‘ਤੇ ਚੱਲ ਰਿਹਾ ਧਰਨਾ ਸਮਾਪਤ ਹੋ ਜਾਵੇਗਾ। ਕਿਸਾਨਾਂ ਦੀ ਟੀਮ ਪੰਜਾਬ-ਹਰਿਆਣਾ ਸਮੇਤ ਦਿੱਲੀ ਦੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰੇਗੀ। ਦਿੱਲੀ ਦੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡਿੰਗ ਵੀ ਹਟਾ ਦਿੱਤੀ ਜਾਵੇਗੀ ਅਤੇ ਦਿੱਲੀ-ਮੇਰਠ ਐਕਸਪ੍ਰੈਸਵੇਅ ‘ਤੇ ਗੱਡੀਆਂ ਮੁੜ ਚੱਲਣੀਆਂ ਸ਼ੁਰੂ ਹੋ ਜਾਣਗੀਆਂ।