- ਰਿਪੋਰਟ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਹੋਣ ਦਾ ਦਾਅਵਾ
ਚੰਡੀਗੜ੍ਹ, 25 ਦਸੰਬਰ 2021 – ਪੰਜਾਬ ਦੇ ਦਿੱਗਜ ਅਕਾਲੀ ਆਗੂ ਬਿਕਰਮ ਮਜੀਠੀਆ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਨੂੰ ਮੋਹਾਲੀ ਅਦਾਲਤ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਅਤੇ ਹੁਣ ਪੁਲਿਸ ਨੇ ਉਨ੍ਹਾਂ ਦੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਡੀਜੀਪੀ, ਵਿਜੀਲੈਂਸ ਬਿਊਰੋ ਅਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਟੀਮ ਸਾਂਝੀ ਜਾਂਚ ਕਰੇਗੀ।
ਇਸ ਤੋਂ ਬਿਨਾ ਹੁਣ ਮਜੀਠੀਆ ਦੇ ਗੈਂਗਸਟਰ ਨਾਲ ਸਬੰਧ ਵੀ ਸਾਹਮਣੇ ਆ ਰਹੇ ਹਨ। ਇਸ ਵਿੱਚ ਪੰਜਾਬ ਪੁਲਿਸ ਦੀ ਫਰਵਰੀ 2020 ਦੀ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਜੀਠੀਆ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ 3 ਹੋਰ ਗੈਂਗਸਟਰਾਂ ਨਾਲ ਸਬੰਧ ਹਨ। ਜਿਸ ਵਿੱਚ ਜਗਤਾਰ ਸਿੰਘ ਉਰਫ਼ ਮੁੱਕੇਬਾਜ਼, ਅਭਿਜੀਤ ਸਿੰਘ ਉਰਫ਼ ਅੰਕੁਰੀ ਲੇਖੜੀ ਅਤੇ ਸੋਨੂੰ ਕੰਗਲਾ ਸ਼ਾਮਲ ਹਨ।
ਪੰਜਾਬ ਪੁਲਿਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੱਗੂ ਭਗਵਾਨਪੁਰੀਆ ਪਹਿਲਾਂ ਇੱਕ ਮਾਮੂਲੀ ਬਦਮਾਸ਼ ਸੀ ਪਰ 2010 ਤੋਂ ਬਾਅਦ ਉਹ ਇੱਕ ਮਸ਼ਹੂਰ ਗੈਂਗਸਟਰ ਬਣ ਗਿਆ। ਉਸ ਸਮੇਂ ਮਜੀਠੀਆ ਪਾਵਰ ‘ਚ ਸੀ। ਪੰਜਾਬ ਦਾ ਗ੍ਰਹਿ ਵਿਭਾਗ ਮਜੀਠੀਆ ਦੇ ਜੀਜੇ ਸੁਖਬੀਰ ਬਾਦਲ ਕੋਲ ਸੀ। ਇਹ ਮਾਮਲਾ ਅਕਾਲੀਆਂ ਵੱਲੋਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਜੱਗੂ ਭਗਵਾਨਪੁਰੀਆ ਨੂੰ ਸ਼ਹਿ ਦੇਣ ਦੇ ਦੋਸ਼ਾਂ ਤੋਂ ਬਾਅਦ ਸਾਹਮਣੇ ਆਇਆ ਹੈ।
ਇਨ੍ਹਾਂ ਦੋਸ਼ਾਂ ਤੋਂ ਬਾਅਦ ਸਾਲ 2019-20 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਇਸਦੀ ਜਾਂਚ ਕਰਵਾਈ ਸੀ। ਗੈਂਗਸਟਰਾਂ ਅਤੇ ਸਿਆਸਤਦਾਨਾਂ ਦੇ ਗਠਜੋੜ ਦੀ ਇਹ ਰਿਪੋਰਟ 12 ਫਰਵਰੀ 2020 ਨੂੰ ਪੇਸ਼ ਕੀਤੀ ਗਈ ਸੀ ਪਰ ਦੁਬਾਰਾ ਜਨਤਕ ਨਹੀਂ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਵੀ ਸਰਕਾਰ ਮਜੀਠੀਆ ‘ਤੇ ਸ਼ਿਕੰਜਾ ਕੱਸ ਸਕਦੀ ਹੈ। ਹਾਲਾਂਕਿ ਅਕਾਲੀ ਆਗੂਆਂ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ।
ਪੰਜਾਬ ਪੁਲਿਸ ਦੀ SIT ਨਸ਼ਿਆਂ ਦੇ ਮਾਮਲੇ ਵਿੱਚ ਨਾਮਜ਼ਦ ਮਜੀਠੀਆ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਰਾਜਸਥਾਨ ਤੋਂ ਬਾਅਦ ਪੁਲਿਸ ਨੇ ਉੱਤਰ ਪ੍ਰਦੇਸ਼ ਵਿੱਚ ਵੀ ਛਾਪੇਮਾਰੀ ਕੀਤੀ ਹੈ ਪਰ ਸਫਲਤਾ ਨਹੀਂ ਮਿਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਅਦਾਲਤ ਤੋਂ ਅਗਾਊਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਹੁਣ ਮਜੀਠੀਆ ਹਾਈ ਕੋਰਟ ਜਾਣਗੇ। ਮਜੀਠੀਆ ‘ਤੇ ਨਸ਼ਾ ਤਸਕਰ ਨੂੰ ਘਰ ‘ਚ ਰੱਖਣ, ਕਾਰ-ਗੰਨਮੈਨ ਦੇਣ, ਸੌਦਾ ਕਰਵਾਉਣ ਵਰਗੇ ਗੰਭੀਰ ਦੋਸ਼ ਲੱਗੇ ਹਨ।











