ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ ਹੁਣ ਤੱਕ ਚਾਰ ਵਾਰ ਖਿਤਾਬ ਜਿੱਤ ਚੁੱਕੀ ਹੈ। ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਸਭ ਤੋਂ ਸਫਲ ਟੀਮ ਹੈ। ਜਿਸ ਤਰ੍ਹਾਂ ਨਾਲ ਟੀਮ ਇੰਡੀਆ ਵਿਸ਼ਵ ਕੱਪ ‘ਚ ਖੇਡ ਰਹੀ ਹੈ, ਉਸ ਨੂੰ ਦੇਖਦਿਆਂ ਟੀਮ ਲਈ ਪੰਜਵੀਂ ਵਾਰ ਵਿਸ਼ਵ ਕੱਪ ਜਿੱਤਣਾ ਮੁਸ਼ਕਿਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਹ ਭਾਰਤ ਦਾ ਲਗਾਤਾਰ ਚੌਥਾ ਫਾਈਨਲ ਹੋਵੇਗਾ ਅਤੇ ਉਸ ਨੇ 2000, 2008, 2012 ਤੇ 2018 ਵਿਚ ਇਹ ਖਿਤਾਬ ਜਿੱਤਿਆ ਹੈ ਜਦਕਿ ਇੰਗਲੈਂਡ ਨੇ 1998 ਤੋਂ ਬਾਅਦ ਤੋਂ ਕਦੇ ਵੀ ਟੂਰਨਾਮੈਂਟ ਨਹੀਂ ਜਿੱਤਿਆ। ਦੋਵਾਂ ਹੀ ਟੀਮਾਂ ਦੇ ਕੋਲ ਸ਼ਾਨਦਾਰ ਬੱਲੇਬਾਜ਼ਾਂ ਦਾ ਭੰਡਾਰ ਹੈ। ਦਸ ਦਈਏ ਕਿ ਮੰਗਲਵਾਰ ਨੂੰ ਇੰਗਲੈਂਡ ਨੇ ਅਫਗਾਨਿਸਤਾਨ ਨੂੰ 15 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ।