ਨਵੀਂ ਦਿੱਲੀ: ਹਰ ਸਾਲ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਕੇਂਦਰੀ ਬਜਟ ਕੁੱਝ ਦੇਰ ‘ਚ ਪੇਸ਼ ਹੋਣ ਵਾਲਾ ਹੈ। ਇਹ ਬਜਟ ਨਿੱਜੀ ਟੈਕਸਾਂ ਨਾਲ ਸਬੰਧਤ ਹੁੰਦਾ ਹੈ। ਆਮ ਤੌਰ ‘ਤੇ, ਹਰ ਬਜਟ ਵਿੱਚ ਆਮਦਨ ਟੈਕਸ ਦੀਆਂ ਦਰਾਂ ਅਤੇ ਸਲੈਬਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਪਰ 2014 ਤੋਂ ਬਾਅਦ ਇਨਕਮ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਅਜਿਹੇ ‘ਚ ਸਵਾਲ ਇਹ ਹੈ ਕਿ ਕੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਬਜਟ ‘ਚ ਸਲੈਬਾਂ ‘ਚ ਬਦਲਾਅ ਕਰਕੇ ਟੈਕਸਦਾਤਾਵਾਂ ਨੂੰ ਰਾਹਤ ਦੇਵੇਗੀ?
ਮੂਲ ਨਿੱਜੀ ਟੈਕਸ ਛੋਟ ਸੀਮਾ ਨੂੰ ਆਖਰੀ ਵਾਰ 2014 ਵਿੱਚ ਸੋਧਿਆ ਗਿਆ ਸੀ। 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ, ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੂਲ ਆਮਦਨ ਕਰ ਛੋਟ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤੀ ਸੀ। ਸੀਨੀਅਰ ਨਾਗਰਿਕਾਂ ਲਈ ਛੋਟ ਦੀ ਸੀਮਾ 2.5 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ, ਉਦੋਂ ਤੋਂ ਮੂਲ ਛੋਟ ਸੀਮਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿੱਤ ਮੰਤਰੀ ਟੈਕਸਦਾਤਾਵਾਂ ਲਈ ਵੱਡੀ ਰਾਹਤ ਦਾ ਐਲਾਨ ਕਰ ਸਕਦੇ ਹਨ। ਸੰਭਾਵਿਤ ਰਾਹਤ ਵਿੱਚ ਮੂਲ ਛੋਟ ਸੀਮਾ ਨੂੰ 2.5 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰਨਾ ਸ਼ਾਮਲ ਹੈ। ਸੀਨੀਅਰ ਨਾਗਰਿਕਾਂ ਲਈ ਮੌਜੂਦਾ 3 ਲੱਖ ਰੁਪਏ ਤੋਂ ਵਧਾ ਕੇ 3.5 ਲੱਖ ਰੁਪਏ ਕੀਤੇ ਜਾਣ ਦੀ ਸੰਭਾਵਨਾ ਹੈ।












