ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਿੱਤ ਹਾਸਲ ਕੀਤੀ ਹੈ ,ਉੱਥੇ ਹੀ ਰਾਏਕੋਟ ਸ਼ਹਿਰ ਨੂੰ ਵੀ ਆਪਣੇ 2 ਪੁੱਤਰਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਰਾਏਕੋਟ ਦੇ ਪਿੰਡ ਬੱਸੀਆਂ ਦੇ ਟਿੰਮ ਉੱਪਲ ਐਡਮਿੰਟਨ ਮਿੱਲ ਵੁੱਡਸ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ।
ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਿੱਥੇ ਇਲਾਕੇ ਭਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਉਨ੍ਹਾਂ ਪਿੰਡ ਬੱਸੀਆਂ ਦੇ ਨਾਲ ਨਾਲ ਨਾਨਕਿਆਂ ਦੇ ਪਿੰਡ ਬੁਰਜ ਹਰੀ ਸਿੰਘ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਟਿੰਮ ਦੀ ਜਿੱਤ ਦੇ ਖੁਸ਼ੀ ਦਾ ਜਸ਼ਨ ਮਨਾਉਂਦਿਆਂ ਉਨ੍ਹਾਂ ਦੇ ਨਾਨਕੇ ਪਿੰਡ ਬੁਰਜ ਹਰੀ ਸਿੰਘ ਵਿਚ ਅੱਜ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਟਿੰਮ ਦੇ ਨਾਨਕਿਆਂ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ।
ਟਿੰਮ ਦੀ ਮਾਮੀ ਪਰਮਿੰਦਰ ਕੌਰ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਭਾਣਜੇ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਬੇਹੱਦ ਨਾਜ਼ ਹੈ। ਇਸ ਮੌਕੇ ਪਿੰਡ ਬੁਰਜ ਹਰੀ ਸਿੰਘ ਦੇ ਪੰਚ ਦਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਟਿੰਮ ਉੱਪਲ ਨੇ ਆਪਣੇ ਬਚਪਨ ਦੇ ਬਹੁਤੇ ਪਲ ਆਪਣੇ ਨਾਨਕਿਆਂ ਦੇ ਘਰ ਵਿਚ ਹੀ ਗੁਜਾਰੇ ਹਨ। ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਪਿੰਡ ਦੇ ਹੋਣਹਾਰ ਦੋਹਤੇ ‘ਤੇ ਬੇਹੱਦ ਮਾਣ ਹੈ।
ਉਧਰ ਦੂਸਰੇ ਪਾਸੇ ਰਾਏਕੋਟ ਸ਼ਹਿਰ ਦੇ ਇੱਕ ਹੋਰ ਹੋਣਹਾਰ ਨੌਜਵਾਨ ਅਰਪਣ ਖੰਨਾ ਨੇ ਕੈਨੇਡਾ ਦੇ ਓਟਾਰੀਓ ਸੂਬੇ ਦੀ ਆਕਸਫੋਰਡ ਸੀਟ ਤੋਂ ਦੂਜੀ ਵਾਰ ਚੋਣ ਜਿੱਤ ਕੇ ਸੰਸਦ ਵਿੱਚ ਜਾਣ ਦਾ ਮਾਣ ਪ੍ਰਾਪਤ ਕੀਤਾ ਹੈ। ਅਰਪਣ ਖੰਨਾ ਜੋ ਵਿਰੋਧੀ ਧਿਰ ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਸਨ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹੈਲਡ ਡਰਲੀ ਨੂੰ 10977 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਦੀ ਜਿੱਤ ਦਾ ਪ੍ਰਤੀਸਤ 53 ਪ੍ਰਤੀਸਤ ਤੋਂ ਵੀ ਜਿਆਦਾ ਰਿਹਾ।












