ਕੇਂਦਰ ਸਰਕਾਰ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਪੰਜਾਬ ਅਤੇ ਹਰਿਆਣਾ ਵਿੱਚ ਬਣਨ ਵਾਲੀ 19.2 ਕਿਲੋਮੀਟਰ ਲੰਬੀ ਜ਼ੀਰਕਪੁਰ ਬਾਈਪਾਸ ਸੜਕ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ‘ਤੇ ਪਿਛਲੇ 11 ਸਾਲਾਂ ਤੋਂ ਪਲਾਨਿੰਗ ਚੱਲ ਰਹੀ ਸੀ। ਇਸ ਦੀ ਲਾਗਤ 1878.31 ਕਰੋੜ ਰੁਪਏ ਹੋਵੇਗੀ।
6 ਲੇਨ ਜ਼ੀਰਕਪੁਰ ਬਾਈਪਾਸ NH-7 (ਜ਼ੀਰਕਪੁਰ-ਪਟਿਆਲਾ) ਦੇ ਜੰਕਸ਼ਨ ਤੋਂ ਸ਼ੁਰੂ ਹੋ ਕੇ NH-5 (ਜ਼ੀਰਕਪੁਰ-ਪਰਵਾਣੂ) ਦੇ ਜੰਕਸ਼ਨ ‘ਤੇ ਸਮਾਪਤ ਹੋਵੇਗਾ। ਇਸ ਨੂੰ ਹਾਈਬ੍ਰਿਡ ਐਨੂਅਟੀ ਮੋਡ ‘ਤੇ ਬਣਾਇਆ ਜਾਵੇਗਾ। ਇਸ ਦੇ ਬਣਨ ਤੋਂ ਬਾਅਦ ਟ੍ਰਾਈਸਿਟੀ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਹ ਰਿੰਗ ਰੋਡ ਦਾ ਕੰਮ ਕਰੇਗਾ। ਇਹ ਬਾਈਪਾਸ ਜ਼ੀਰਕਪੁਰ-ਪਟਿਆਲਾ ਹਾਈਵੇਅ (NH-7) ਤੋਂ ਸ਼ੁਰੂ ਹੋ ਕੇ ਜ਼ੀਰਕਪੁਰ-ਪਰਵਾਣੂ ਹਾਈਵੇਅ (NH-5) ਤੱਕ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਮਾਸਟਰ ਪਲਾਨ ਮੁਤਾਬਕ ਬਣਾਇਆ ਜਾਵੇਗਾ। ਇਸ ਦੀ ਸਮਾਪਤੀ ਪੰਚਕੂਲਾ, ਹਰਿਆਣਾ ਵਿੱਚ ਹੋਵੇਗੀ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਜ਼ੀਰਕਪੁਰ, ਪੰਚਕੂਲਾ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਪਟਿਆਲਾ, ਦਿੱਲੀ, ਮੋਹਾਲੀ ਐਰੋਸਿਟੀ ਤੋਂ ਆਵਾਜਾਈ ਨੂੰ ਹਟਾ ਕੇ ਹਿਮਾਚਲ ਪ੍ਰਦੇਸ਼ ਨਾਲ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰਕੇ ਭੀੜ-ਭੜੱਕੇ ਨੂੰ ਘੱਟ ਕਰਨਾ ਹੈ। ਇਹ ਰਿੰਗ ਰੋਡ ਦਾ ਰੂਪ ਲੈ ਲਵੇਗੀ। ਜ਼ੀਰਕਪੁਰ ਬਾਈਪਾਸ ਇਸ ਸਕੀਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।