ਲੁਧਿਆਣਾ : ਕਾਂਗਰਸ ਦੇ ਸੀਐਮ ਚਿਹਰੇ ਚਰਨਜੀਤ ਸਿੰਘ ਚੰਨੀ ਦਾ ਇਕ ਹੋਰ ਰੂਪ ਵੇਖਣ ਨੂੰ ਮਿਲਿਆ ਹੈ। ਮੁੱਖਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਜਦੋਂ ਉਹ ਪ੍ਰਚਾਰ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਭੁੱਖ ਲਗ ਗਈ ਇਸ ਦੌਰਾਨ ਹਲਕਾ ਆਤਮ ਨਗਰ ਅਤੇ ਦੱਖਣੀ ਦੀ ਹੱਦ ਤੇ ਚੱਲ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿਚ ਭੁੱਲਰ ਢਾਬਾ ਨਜ਼ਰ ਆਇਆ। ਉਨ੍ਹਾਂ ਨੇ ਉੱਥੇ ਆਪਣਾ ਕਾਫਲਾ ਰੁਕਵਾਇਆ ‘ਤੇ ਢਾਬੇ ‘ਤੇ ਜਾ ਕੇ ਉਨ੍ਹਾਂ ਆਪਣੇ ਅੰਦਾਜ਼ ਵਿਚ ਪਹਿਲਾਂ ਛੋਲਿਆਂ ਨੂੰ ਖ਼ੁਦ ਤੜਕਾ ਲਾਇਆ ਅਤੇ ਫਿਰ ਢਾਬੇ ਦੇ ਕਾਊਂਟਰ ਦੇ ਬਾਹਰ ਖੜ੍ਹੇ ਹੋ ਕੇ ਮਾਲਕ ਉਂਕਾਰ ਸਿੰਘ ਤੋਂ ਰੋਟੀ ਮੰਗਵਾਈ।
ਜਿੱਥੇ ਉਨ੍ਹਾਂ ਢਾਬੇ ਦੇ ਬਾਹਰ ਖੜ੍ਹੇ ਹੋ ਕੇ ਹੀ ਰੋਟੀ ਖਾਧੀ ਅਤੇ ਆਪਣੇ ਨਾਲ ਦੇ ਸਾਥੀ ਨੂੰ ਢਾਬਾ ਮਾਲਕ ਨੂੰ ਪੈਸੇ ਦੇਣ ਬਾਰੇ ਆਖ ਇਲਾਕੇ ਦੇ ਲੋਕਾਂ ਨਾਲ ਸੈਲਫੀਆਂ ਖਿਚਵਾਉਣ ਲੱਗੇ। ਮੁੱਖ ਮੰਤਰੀ ਨੂੰ ਆਮ ਢਾਬੇ ਤੇ ਰੋਟੀ ਖਾਂਦੇ ਦੇਖ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਅਗਲੇ ਪੰਜ ਸਾਲ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਨ ਲੱਗੇ। ਇਲਾਕੇ ਦੇ ਲੋਕਾਂ ਨਾਲ ਗੱਲਾਂ ਕਰਦੇ ਕਰਦੇ ਮੁੱਖ ਮੰਤਰੀ ਆਪਣੀ ਗੱਡੀ ਵਿੱਚ ਬੈਠ ਅੱਗੇ ਨਿਕਲ ਗਏ।












