ਕਿਵੇਂ ਭੁੱਲਿਆ ਜਾ ਸਕਦੈ 20, ਮਾਰਚ ਸੰਨ 2000, ਹੋਲੀ ਦਾ ਉਹ ਦਿਨ, ਜਦੋਂ ਚਿੱਠੀਸਿੰਘਪੁਰਾ ਵਿੱਚ 35 ਬੇਦੋਸ਼ੇ ਸਿਖਾਂ ਦੇ ਖ਼ੂਨ ਦੀ ਹੋਲੀ ਖੇਡੀ ਗਈ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫ਼ੇਰੀ ਦੌਰਾਨ ਵਾਪਰੇ ਇਸ ਖੂਨੀਕਾਂਡ ਨੇ ਹਰ ਵੇਖਣ ਸੁਣਨ ਵਾਲੇ ਦੇ ਦਿਲਾਂ ਨੂੰ ਝੰਜੋੜ ਦਿੱਤਾ ਸੀ, ਏਥੋਂ ਤੱਕ ਕਿ ਖੁਦ ਬਿਲ ਕਲਿੰਟਨ ਨੂੰ ਵੀ ਮਜ਼ਬੂਰ ਹੋ ਕੇ ਇਸ ਕਤਲੇਆਮ ਬਾਰੇ ਲਿਖਣਾ ਪੈ ਗਿਆ ਸੀ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਮੈਡਲੀਨ ਅਲਬ੍ਰਾਈਟ ਦੀ ਇੱਕ ਕਿਤਾਬ “ਦਿ ਮਾਈਟੀ ਐਂਡ ਦ ਅਲਮਾਈਟੀ” ਦੇ ਮੁੱਖ ਬੰਦ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਚਿੱਠੀਸਿੰਘਪੁਰਾ ਹਮਲੇ ‘ਤੇ ਗਹਿਰੀ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ:
“ਜੇ ਮੈਂ ਉਹ ਦੌਰਾ ਨਾ ਕੀਤਾ ਹੁੰਦਾ, ਤਾਂ ਸੰਭਵ ਹੈ ਕਿ ਜੁਲਮ ਦਾ ਸ਼ਿਕਾਰ ਹੋਣ ਵਾਲੇ ਉਹ ਸਿੱਖ ਅੱਜ ਜਿਉਂਦੇ ਹੁੰਦੇ।”
ਉਨ੍ਹਾਂ ਦੀ ਇਹ ਟਿੱਪਣੀ ਇਹ ਸੰਕੇਤ ਦਿੰਦੀ ਹੈ ਕਿ ਇਹ ਕਤਲੇਆਮ ਉਨ੍ਹਾਂ ਦੀ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਹੀ ਕੀਤਾ ਗਿਆ ਸੀ। ਭਾਰਤ ਸਰਕਾਰ ਇਸ ਪਿੱਛੇ ਪਾਕਿਸਤਾਨੀ ਦਹਿਸਤਗਰਦਾਂ ਦਾ ਹੱਥ ਹੋਣ ਦੀ ਗੱਲ ਕਰਦੀ ਹੈ ਅਤੇ ਦਹਿਸਤਗਰਦ ਭਾਰਤੀ ਖੁਫ਼ੀਆ ਏਜੰਸੀਆਂ ਉੱਪਰ ਇਲਜ਼ਾਮ ਲਗਾਉਂਦੇ ਹਨ।
ਚਿੱਠੀਸਿੰਘਪੁਰਾ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਵੱਡੀ ਸਿੱਖ ਵਸੋਂ ਵਾਲਾ ਪਿੰਡ ਹੈ ਜਿੱਥੇ ਸਿੱਖ, ਹਿੰਦੂ, ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਬੜੇ ਪ੍ਰੇਮ ਅਤੇ ਭਰਾਤਰੀ ਭਾਵ ਨਾਲ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਵਿੱਚ ਸਿੱਖਾਂ ਨੂੰ ਵਸਾਇਆ ਸੀ ਅਤੇ ਉਨ੍ਹਾਂ ਨੂੰ ਜ਼ਮੀਨਾਂ ਅਤੇ ਬਾਗ਼ ਦਿੱਤੇ ਸਨ। ਅਜਿਹੇ ਖੁਸ਼ਗਵਾਰ ਮਹੌਲ ਵਿੱਚ ਇੱਕ ਦਿਨ ਏਨਾ ਭਿਆਨਕ ਕਤਲੇਆਮ ਵਾਪਰਨ ਦੀ ਕਿਸੇ ਨੇ ਉਮੀਦ ਵੀ ਨਹੀਂ ਸੀ ਕੀਤੀ। ਕੁਝ ਪਲਾਂ ‘ਚ ਹੀ ਹੱਸਦੇ-ਵੱਸਦੇ 17 ਸਿੱਖਾਂ ਦੇ ਪਰਿਵਾਰ ਉੱਜੜ ਗਏ।
ਭਾਵੇਂ ਚਿੱਠੀਸਿੰਘਪੁਰਾ ਕਤਲੇਆਮ ਨੂੰ 25 ਸਾਲ ਬੀਤ ਚੁੱਕੇ ਹਨ ਪਰ ਪੀੜਤਾਂ ਦੇ ਜ਼ਖਮ ਅੱਜ ਵੀ ਅਲੇ ਹਨ। ਇਸ ਕਤਲੇਆਮ ਚੋਂ ਜ਼ਿੰਦਾ ਬਚੇ ਸ. ਨਾਨਕ ਸਿੰਘ ਬੇਦੀ ਨੂੰ ਇਹ ਸਾਰੀ ਘਟਨਾ ਅੱਜ ਵੀ ਇੰਨ-ਬਿੰਨ ਯਾਦ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ।
“ਉਹ ਦੱਸਦੇ ਹਨ ਕਿ 20 ਮਾਰਚ, 2000 ਦੀ ਰਾਤ ਨੂੰ ਕਰੀਬ ਪੌਣੇ ਅੱਠ ਵੱਜੇ ਸਨ, ਕੁਝ ਲੋਕ ਗੁਰਦੁਆਰਾ ਸਾਹਿਬ ਤੋਂ ਵਾਪਿਸ ਆ ਰਹੇ ਸਨ, ਔਰਤਾਂ ਘਰਾਂ ‘ਚ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ, ਕਿਸੇ ਘਰ ਵਿੱਚ ਟੀ.ਵੀ.-ਰੇਡੀਓ ਤੇ ਖ਼ਬਰਾਂ ਚੱਲ ਰਹੀਆਂ ਸਨ। ਉਸ ਸਮੇਂ ਭਾਰਤੀ ਫ਼ੌਜ ਦੀ ਵਰਦੀ ‘ਚ 10-12 ਨਕਾਬਪੋਸ਼, ਹਥਿਆਰਬੰਦ ਵਿਅਕਤੀਆਂ ਨੇ ਸ਼ਨਾਖ਼ਤ ਕਰਨ ਦੇ ਬਹਾਨੇ ਪਿੰਡ ਦੇ ਸਿੱਖ ਪਰਿਵਾਰਾਂ ਦੇ ਮਰਦਾਂ ਨੂੰ ਘਰੋਂ ਬਾਹਰ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਇਹ ਕਤਲੇਆਮ ਪਿੰਡ ਵਿੱਚ ਦੋ ਵੱਖ-ਵੱਖ ਥਾਵਾਂ ਤੇ ਇੱਕੋ ਸਮੇਂ ਵਾਪਰਿਆ। ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ ਦੇ ਬਾਹਰ 19 ਜਦਕਿ ਗੁਰਦੁਆਰਾ ਸਾਹਿਬ ਸ਼ੌਕੀਨ ਮੁਹੱਲਾ ਦੇ ਬਾਹਰ 17 ਮਰਦਾਂ ਨੂੰ ਇੱਕ ਕੰਧ ਦੇ ਸਾਹਮਣੇ ਖੜ੍ਹਾ ਕਰ ਲਿਆ ਗਿਆ। ਇਨ੍ਹਾਂ ‘ਚ 16-17 ਸਾਲਾਂ ਦੇ ਨੌਜੁਆਨਾਂ ਤੋਂ ਲੈ ਕੇ 60-70 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਸਨ”।
ਹਥਿਆਰਬੰਦ ਵਿਅਕਤੀਆਂ ਚੋਂ ਇੱਕ ਨੇ ਹਵਾ ‘ਚ ਫ਼ਾਇਰ ਕੀਤਾ, ਜਿਸ ਤੋਂ ਬਾਅਦ ਕਤਾਰਾਂ ‘ਚ ਖੜ੍ਹੇ ਸਿੱਖਾਂ ਉੱਪਰ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸ. ਨਾਨਕ ਸਿੰਘ ਜੀ ਦੇ ਦੱਸਣ ਮੁਤਾਬਕ:-
“ਜਦੋਂ ਗੋਲੀ ਛੱਲੀ ਤਾਂ ਮੈ ਵੀ ਬਾਕੀਆਂ ਨਾਲ ਹੇਠਾਂ ਹੇਠਾਂ ਡਿੱਗ ਪਿਆ ਪਰ ਮੈਨੂੰ ਕੋਈ ਗੋਲੀ ਨਹੀਂ ਲੱਗੀ। ਮੈਂ ਹੇਠਾਂ ਪਿਆ, ਮਰੇ ਹੋਣ ਦਾ ਨਾਟਕ ਕਰ ਰਿਹਾ ਸੀ ਅਤੇ ਚਿੱਤ ਵਿੱਚ ਵਾਹਿਗੁਰੂ-ਵਾਹਿਗੁਰੂ ਕਰ ਰਿਹਾ ਸੀ। ਹਮਲਾਵਰਾਂ ਨੇ ਹੇਠਾਂ ਡਿੱਗੇ ਵਿਅਕਤੀਆਂ ਦੀ ਮੌਤ ਸੁਨਿਸ਼ਚਿਤ ਕਰਨ ਲਈ ਸਾਰਿਆਂ ਉੱਪਰ ਟੋਰਚ ਮਾਰ ਕੇ ਵੇਖਿਆ ਅਤੇ ਦੁਬਾਰਾ ਫਿਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਹੁਣ ਮੈਨੂੰ ਲੱਗਿਆ ਸੀ ਕਿ ਮੇਰੀ ਮੌਤ ਵੀ ਤੈਅ ਹੈ। ਜਦੋਂ ਦੁਬਾਰਾ ਗੋਲੀਆਂ ਚੱਲੀਆਂ ਤਾਂ ਮੇਰੀ ਲੱਤ ‘ਚ ਗੋਲੀ ਲੱਗੀ ਜੋ ਕਿ, ਚੂਲੇ ‘ਚ ਜਾ ਕੇ ਫਸ ਗਈ। ਪਰ ਮੈਂ ਜ਼ਰਾ ਜਿੰਨੀ ਵੀ ਅਵਾਜ਼ ਨਹੀਂ ਕੱਢੀ। ਮੈਨੂੰ ਵੀ ਉਨ੍ਹਾਂ ਨੇ ਮਰਿਆ ਹੋਇਆ ਸਮਝ ਲਿਆ। ਸਰਿਆਂ ਨੂੰ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਜੈ ਹਿੰਦ, ‘ਜੈ ਮਾਤਾ ਦੀ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ ਅਤੇ ਚਲੇ ਗਏ। ਮੈਂ ਉੱਠ ਕੇ ਵੇਖਿਆ, ਤਾਂ ਕਿਸੇ ਨੇ ਮੈਨੂੰ ਆਪਣੀ ਬਾਂਹ ਨਾਲ ਫ਼ੜਿਆ ਹੋਇਆ ਸੀ, ਜਦੋਂ ਮੈਂ ਬਾਂਹ ਚੁੱਕ ਕੇ ਧਿਆਨ ਨਾਲ ਵੇਖਿਆ ਤਾਂ ਇਹ ਮੇਰਾ ਪੁੱਤਰ ਗੁਰਮੀਤ ਸਿੰਘ ਸੀ। ਮੈਂ ਉਸਦੇ ਸਰੀਰ ਨੂੰ ਹਲੂਣ ਕੇ ਜਗਾਉਣ ਦੀ ਕੋਸਿਸ਼ ਕੀਤੀ, ਉਸਦੇ ਸਿਰ ਤੇ ਹੱਥ ਰੱਖਿਆ ਜੋ ਕਿ ਖੂਨ ਨਾਲ ਲੱਥਪਥ ਸੀ। ਮੇਰੇ ਚਿਹਰੇ ‘ਤੇ ਹੰਝੂ ਵਹਿ ਤੁਰੇ। ਮੈਂ ਖੜ੍ਹਾ ਨਹੀਂ ਹੋ ਸਕਿਆ। ਮੈਨੂੰ ਪਾਣੀ ਦਾ ਇੱਕ ਘੱਟ ਚਾਹੀਦਾ ਸੀ। ਮੇਰੇ ਸਾਹਮਣੇ ਖੂਨ ਨਾਲ ਲੱਥਪੱਥ ਲਾਸ਼ਾਂ ਦਾ ਢੇਰ ਪਿਆ ਸੀ, ਕੁਝ ਅਜੇ ਵੀ ਸਹਿਕ ਰਹੇ ਸਨ। ਹਰ ਕਿਸੇ ਨੂੰ 10 ਤੋਂ 12 ਗੋਲੀਆਂ ਲੱਗੀਆਂ ਸਨ। ਉਹ ਭਿਆਨਕ ਦ੍ਰਿਸ਼ ਮੇਰੇ ਦਿਮਾਗ ‘ਤੇ ਅੱਜ ਵੀ ਛਪਿਆ ਹੋਇਆ ਹੈ”।
ਇਨ੍ਹਾਂ 35 ਸ਼ਹੀਦਾਂ ‘ਚ ਸ. ਨਾਨਕ ਸਿੰਘ ਦੇ ਛੋਟੇ ਪੁੱਤਰ ਸਮੇਤ ਪਰਿਵਾਰ ਦੇ ਕੁੱਲ੍ਹ 7 ਜੀਅ ਸਨ। ਸ. ਨਾਨਕ ਸਿੰਘ ਅਨੁਸਾਰ ਹਮਲਾਵਰ ਇੱਕ ਦੂਸਰੇ ਨੂੰ ਪਵਨ, ਬੰਸੀ ਅਤੇ ਬਹਾਦਰ ਕਹਿ ਕੇ ਬੁਲਾ ਰਹੇ ਸਨ।












