ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਨੇ ਮਾਨ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਹਾਲਾਤਾਂ ‘ਤੇ ਚਰਚਾ ਕਰਨ ਲਈ ਮੀਟਿੰਗ ਸੱਦੀ ਗਈ ਹੈ। ਇਹ ਬੈਠਕ CM ਰਿਹਾਇਸ਼ ‘ਤੇ ਹੋਵੇਗੀ ਇਸ ‘ਚ ਭਗਵੰਤ ਮਾਨ ਸਿਹਤ ਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨਾਲ ਵਿਗੜਦੇ ਹੋਏ ਹਾਲਾਤਾਂ ‘ਤੇ ਚਰਚਾ ਕਰਨਗੇ। ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਮਾਨ ਸਰਕਾਰ ਵੱਲੋਂ ਇਹ ਮੰਥਨ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰੋਨਾ ਵਧਣਾ ਸ਼ੁਰੂ ਹੋ ਗਿਆ ਹੈ। ਹੁਣ ਐਕਟਿਵ ਕੇਸ ਵਧ ਕੇ 178 ਹੋ ਗਏ ਹਨ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 34 ਮਰੀਜ਼ ਮਿਲੇ ਹਨ। ਮੋਹਾਲੀ ਵਿੱਚ ਸਭ ਤੋਂ ਵੱਧ 12 ਮਰੀਜ਼ ਮਿਲੇ ਹਨ। ਹਾਲਾਂਕਿ ਪਠਾਨਕੋਟ ‘ਚ 3 ਮਰੀਜ਼ ਪਾਏ ਗਏ ਸਨ ਪਰ ਇੱਥੇ 6.25 ਫੀਸਦੀ ਦੀ ਸਕਾਰਾਤਮਕ ਦਰ ਨੇ ਹੈਰਾਨ ਕਰ ਦਿੱਤਾ ਹੈ। ਪੰਜਾਬ ਵਿੱਚ ਮੰਗਲਵਾਰ ਨੂੰ 9595 ਸੈਂਪਲ ਲੈ ਕੇ 7015 ਦੀ ਜਾਂਚ ਕੀਤੀ ਗਈ।












