ਨਵੀਂ ਦਿੱਲੀ, 14 ਦਸੰਬਰ 2021 – ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਸਮੇਤ ਹੋਰ ਮੁੱਦਿਆਂ ‘ਤੇ ਨੇੜਲੇ ਭਵਿੱਖ ‘ਚ ਬਹੁਤ ਜੀ ਜਲਦ ਕਮੇਟੀ ਬਣਾਈ ਜਾਵੇਗੀ।
ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਬਾਰੇ ਐਲਾਨ ਕੀਤਾ ਸੀ ਕਿ ਇਸ ਨੂੰ ਮਿਸ਼ਨ ਮੋਡ ‘ਤੇ ਲਿਆ ਜਾਵੇਗਾ ਅਤੇ ਜਲਦ ਹੀ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਅਗਰਵਾਲ ਗੁਜਰਾਤ ਦੇ ਆਨੰਦ ‘ਚ ਕੁਦਰਤੀ ਖੇਤੀ ‘ਤੇ ਧਿਆਨ ਕੇਂਦਰਿਤ ਕਰਨ ਵਾਲੇ 14 ਦਸੰਬਰ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾਂ ਰਾਸ਼ਟਰੀ ਸਮਾਗਮ ਸਬੰਧੀ ਮੀਡੀਆ ਨੂੰ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਅਜੇ ਕਮੇਟੀ ਦੀ ਰੂਪ-ਰੇਖਾ ਤੈਅ ਨਹੀਂ ਕੀਤੀ ਗਈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 19 ਨਵੰਬਰ ਨੂੰ ਤਿੰਨੇ ਹੀ ਖੇਤੀ ਕਾਨੂੰਨ ਵਾਪਸਿ ਲੈਣ ਦਾ ਐਲਾਨ ਕੀਤਾ ਸੀ ਅਤੇ ਐਮ ਐਸ ਪੀ ਬਾਰੇ ਮਾਹਿਰ ਕਮੇਟੀ ਬਣਾਉਣ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ‘ਚ ਤਿੰਨੇ ਖੇਤੀ ਕਾਨੂੰਨ ਵਾਪਿਸ ਲੈ ਲਏ ਗਏ ਸਨ ਅਤੇ ਕਿਸਾਨਾਂ ਨੇ ਬਾਕੀ ਦੀਆਂ ਮੰਗਾਂ ਪੂਰੀਆਂ ਕਰਵਾ ਕੇ 11 ਦਸੰਬਰ ਨੂੰ ਆਪਣਾ ਕਿਸਾਨ ਮੋਰਚਾ ਮੁਲਤਵੀ ਕੀਤਾ ਸੀ। ਨਾਲ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ‘ਤੇ ਦੁਬਾਰਾ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਹੈ।