ਪਿੰਡ ਧੂਤ ਕਲਾਂ ਵਿਖੇ ਆਪਣੀ 16 ਸਾਲਾ ਧੀ ਇੰਦਰਪ੍ਰੀਤ ਕੌਰ ਉਰਫ ਇੰਦਰ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਪਿਤਾ ਅਮਰਜੀਤ ਸਿੰਘ (42) ਦੀ ਲਾਸ਼ ਦੇਰ ਸ਼ਾਮ ਹੁਸ਼ਿਆਰਪੁਰ ਦੇ ਭੰਗੀ ਚੋਅ ਨੇੜੇ ਸੁੰਨਸਾਨ ਥਾਂ ਤੋਂ ਭੇਦ-ਭਰੀ ਹਾਲਤ ‘ਚ ਬਰਾਮਦ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਨੇ ਆਪਣੀ ਭੈਣ ਕੁਲਵੰਤ ਕੌਰ ਦੇ ਬਹਿਕਾਵੇ ਵਿੱਚ ਆਕੇ ਕਿ ਘਰ ਵਿੱਚ ਵੰਸ਼ ਵਧਾਉਣ ਲਈ ਲੜਕਾ ਹੋਣਾ ਚਾਹੀਦਾ ਸੀ, ਜੋ ਨਹੀਂ ਹੋਇਆ, ਆਪਣੀ ਇਕਲੌਤੀ ਧੀ ਇੰਦਰ ਦਾ ਕਿਰਪਾਨ ਨਾਲ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਿਆ ਸੀ। ਪੁਲਿਸ ਨੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਸੀ ਅਤੇ ਪਿਤਾ ਅਮਰਜੀਤ ਸਿੰਘ ਤੇ ਉਸਦੀ ਭੈਣ ਕੁਲਵੰਤ ਕੌਰ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ।
ਥਾਣਾ ਹਰਿਆਣਾ ਦੇ ਐਸ.ਆਈ. ਅਜਮੇਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਕਿ ਭੰਗੀ ਚੋਅ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ‘ਚ ਲਈ ਗਈ ਤਾਂ ਪਿੰਡ ਦੀ ਪੰਚਾਇਤ ਅਤੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਪਹਿਚਾਣ ਕੀਤੀ ਕਿ ਇਹ ਉਸਦਾ ਪਤੀ ਅਮਰਜੀਤ ਸਿੰਘ ਹੀ ਹੈ ਜੋ ਧੀ ਦਾ ਕਲਤ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਅਮਰਜੀਤ ਨੇ ਧੀ ਦੇ ਕਤਲ ਤੋਂ ਬਾਅਦ ਖੁਦਕਸ਼ੀ ਕਰ ਲਈ ਹੋਵੇਗੀ। ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਮੌਤ ਦਾ ਕਾਰਨ ਪਤਾ ਲੱਗ ਜਾਵੇਗਾ।












