ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਆਪਣੀ ਲਾਈਵ ਪੇਸ਼ਕਾਰੀ ਦਿੱਤੀ, ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ, ਜਿਨ੍ਹਾਂ ਨੇ ਸ਼ਹਿਰ ਵਿੱਚ ਉਨ੍ਹਾਂ ਦੇ ਕੰਸਰਟ ਦੌਰਾਨ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇਹ ਅਦਾਕਾਰ-ਗਾਇਕ ਭਾਰੀ ਭੀੜ ਦੇ ਸਾਹਮਣੇ ਸਟੇਜ ‘ਤੇ ਨਜ਼ਰ ਆ ਰਹੇ ਹਨ, ਜਿੱਥੇ ਉਹ ਆਪਣੇ ਸਭ ਤੋਂ ਮਸ਼ਹੂਰ ਗੀਤ ਪੇਸ਼ ਕਰ ਰਹੇ ਹਨ। ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਕੁਝ ਪਲ ਲਈ ਰੁਕ ਕੇ ਬੰਬ ਦੀਆਂ ਧਮਕੀਆਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਦਲੇ ਵੀ ਉਹ ਹਮੇਸ਼ਾ ਪਿਆਰ ਹੀ ਵੰਡਣਗੇ।
ਕੀ ਬੋਲੇ ਦਿਲਜੀਤ ਦੋਸਾਂਝ
ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਉਹ ਦਿਲਜੀਤ ਨੂੰ ਬੰਬ ਨਾਲ ਉਡਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਮਕਸਦ ਸਿਰਫ਼ ਇਹ ਹੈ ਕਿ ਕੋਈ ਵੀ ਦਿਲਜੀਤ ਦੇ ਸ਼ੋਅ ਵਿੱਚ ਨਾ ਜਾਵੇ ਅਤੇ ਲੋਕਾਂ ਨੂੰ ਡਰਾਇਆ-ਧਮਕਾਇਆ ਜਾਵੇ। ਸ਼ਹਿਰਾਂ ਵਿੱਚ ਬਾਰੂਦ ਦਾ ਮੌਸਮ ਹੈ, ਜਦਕਿ ਪਿੰਡਾਂ ਵਿੱਚ ਅਮਰੂਦਾਂ ਦਾ ਮੌਸਮ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਭਾਵੇਂ ਤੁਸੀਂ ਮੇਰੇ ‘ਤੇ ਬੰਬ ਸੁੱਟੋ, ਮੇਰੇ ਦਿਲ ਵਿੱਚ ਤੁਹਾਡੇ ਲਈ ਪਿਆਰ ਹੀ ਹੈ।”ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੰਬਈ ਵਿੱਚ ਉਨ੍ਹਾਂ ਦੇ ਕੰਸਰਟ ਨੂੰ ਕਈ ਵਾਰ ਸੁਰੱਖਿਆ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਮਹਾਲਕਸ਼ਮੀ ਰੇਸਕੋਰਸ ਵਿਖੇ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਸਨ। 23 ਅਕਤੂਬਰ ਨੂੰ ਮੁੰਬਈ ਦੀ ਮੇਅਰ ਰਿਤੂ ਤਾਵਡੇ ਦੇ ਦਫ਼ਤਰ ਨੂੰ ਇੱਕ ਈਮੇਲ ਮਿਲੀ ਸੀ, ਜਿਸ ਵਿੱਚ ਕੰਸਰਟ ਦੌਰਾਨ ਆਤਮਘਾਤੀ ਹਮਲੇ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਸੰਦੇਸ਼ ਵਿੱਚ ਅਮਿਤਾਭ ਬੱਚਨ ਦੇ ਜੁਹੂ ਸਥਿਤ ਘਰ ‘ਜਲਸਾ’ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਖਾਲਿਸਤਾਨ ਨਾਲ ਜੁੜੇ ਸੰਗਠਨਾਂ ਦਾ ਜ਼ਿਕਰ ਕੀਤਾ ਗਿਆ ਸੀ।












