ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਤਰ ਦੇ ਸ਼ਾਹੀ ਪਰਿਵਾਰ ਵੱਲੋਂ ਤੋਹਫ਼ੇ ਵਿੱਚ ਮਿਲੇ ਬੋਇੰਗ 747-8 ਵਿੱਚ ਉਡਾਣ ਭਰੀ। ਇਸ ਜਹਾਜ਼ ਨੂੰ ਅਪਗ੍ਰੇਡ ਕਰਕੇ ‘ਏਅਰ ਫੋਰਸ ਵਨ 747’ ਦਾ ਰੂਪ ਦਿੱਤਾ ਗਿਆ ਹੈ। ਟ੍ਰੰਪ ਨੇ ਇਸ ਨੂੰ ਉੱਡਦਾ ਹੋਇਆ ‘ਵਾਈਟ ਹਾਊਸ’ ਦੱਸਿਆ। ਟ੍ਰੰਪ ਨੇ ਇਸ ਨੂੰ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਜਹਾਜ਼ ਕਰਾਰ ਦਿੱਤਾ।
ਉਹ ਨਾਰਥ ਡਕੋਟਾ ਦੀ ਯਾਤਰਾ ਤੋਂ ਬਾਅਦ ਜੁਆਇੰਟ ਬੇਸ ਐਂਡਰਿਊਜ਼ ‘ਤੇ ਉੱਤਰੇ ਸਨ। ਟ੍ਰੰਪ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਵਪਾਰਕ ਜਹਾਜ਼ ਹੈ। ਮੈਂ ਬੋਇੰਗ ਨੂੰ ਪੁੱਛਿਆ ਕਿ ਸਭ ਤੋਂ ਵਧੀਆ ਜਹਾਜ਼ ਕਿਹੜਾ ਹੈ। ਉਨ੍ਹਾਂ ਨੇ ਕਿਹਾ ਕਿ ਇਹੋ ਸਭ ਤੋਂ ਬਿਹਤਰੀਨ ਜਹਾਜ਼ ਹੈ ਅਤੇ ਤੁਹਾਨੂੰ ਇਸ ਵਿੱਚ ਉਡਾਣ ਭਰਨ ਦਾ ਮੌਕਾ ਮਿਲੇਗਾ। ਮੈਨੂੰ ਵੀ ਇਸ ਵਿੱਚ ਸਫ਼ਰ ਕਰਨ ਦਾ ਸੁਭਾਗ ਮਿਲਿਆ ਹੈ।”
ਰਿਪੋਰਟਸ ਅਨੁਸਾਰ ਇਹ ਨਵਾਂ ਜਹਾਜ਼ ਅਸਲ ਵਿੱਚ ਕਤਰ ਵੱਲੋਂ ਤੋਹਫ਼ੇ ਵਿੱਚ ਦਿੱਤਾ ਗਿਆ ਇੱਕ ਬੋਇੰਗ 747-800 ਜੈੱਟ ਹੈ, ਜਿਸਦੀ ਕੀਮਤ ਲਗਭਗ 3300 ਕਰੋੜ ਰੁਪਏ ਹੈ। ਇਸ ਜਹਾਜ਼ ਦੇ ਰੰਗ-ਰੂਪ ਅਤੇ ਡਿਜ਼ਾਈਨ ਵਿੱਚ ਰਾਸ਼ਟਰਪਤੀ ਟ੍ਰੰਪ ਦੀ ਖ਼ਾਸ ਪਸੰਦ ਅਤੇ ਸਟਾਈਲ ਦੀ ਸਾਫ਼ ਝਲਕ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਇਸ ਜਹਾਜ਼ ਨੇ ਆਪਣੀ ਪਹਿਲੀ ਅਧਿਕਾਰਤ ਉਡਾਣ ਨਾਰਥ ਡਕੋਟਾ ਲਈ ਭਰੀ, ਜਿੱਥੇ ਟ੍ਰੰਪ ‘ਥੀਓਡੋਰ ਰੂਜ਼ਵੈਲਟ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ’ ਦੇਖਣ ਪਹੁੰਚੇ ਸਨ।












