ਨਵੀਂ ਦਿੱਲੀ, 14 ਦਸੰਬਰ 2021 – ਸੀ ਬੀ ਐਸ ਈ ਨੇ ਔਰਤਾਂ ‘ਤੇ ਟਿੱਪਣੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸੋਮਵਾਰ ਨੂੰ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੇ ਇੱਕ ਪੈਰੇ ਅਤੇ ਉਸ ਨਾਲ ਜੁੜੇ ਹੋਏ ਪ੍ਰਸ਼ਨਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਪ੍ਰਸ਼ਨਾਂ ਦੇ ਵਿਦਿਆਰਥੀਆਂ ਨੂੰ ਪੂਰੇ ਅੰਕ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਬੋਰਡ ਨੇ ਇਹ ਕਦਮ ਉਨ੍ਹਾਂ ਸਵਾਲਾਂ ‘ਤੇ ਵਿਵਾਦ ਤੋਂ ਬਾਅਦ ਚੁੱਕਿਆ ਹੈ ਜੋ ਕਥਿਤ ਤੌਰ ‘ਤੇ ਲਿੰਗਕ ਰੂੜ੍ਹੀਵਾਦ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਗਲਤ ਧਾਰਨਾਵਾਂ ਦਾ ਸਮਰਥਨ ਕਰਦੇ ਹਨ।
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਐਤਵਾਰ ਨੂੰ ਇਹ ਮਾਮਲਾ ਵਿਸ਼ਾ ਮਾਹਿਰਾਂ ਨੂੰ ਭੇਜ ਦਿੱਤਾ। ਉਨ੍ਹਾਂ ਤੋਂ ਫੀਡਬੈਕ ਮੰਗੀ। ਸ਼ਨੀਵਾਰ ਨੂੰ ਹੋਈ 10ਵੀਂ ਦੀ ਪ੍ਰੀਖਿਆ ‘ਚ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ‘ਚ ‘ਔਰਤਾਂ ਦੀ ਮੁਕਤੀ ਨੇ ਬੱਚਿਆਂ ‘ਤੇ ਮਾਤਾ-ਪਿਤਾ ਦਾ ਅਧਿਕਾਰ ਖਤਮ ਕਰ ਦਿੱਤਾ’ ਅਤੇ ‘ਇੱਕ ਮਾਂ ਆਪਣੇ ਪਤੀ ਦੇ ਤਰੀਕੇ ਨੂੰ ਸਵੀਕਾਰ ਕਰਕੇ ਹੀ ਆਪਣੇ ਛੋਟੇ ਬੱਚਿਆਂ ਦਾ ਸਨਮਾਨ ਹਾਸਲ ਕਰ ਸਕਦੀ ਹੈ। ਅਜਿਹੇ ਵਾਕਾਂ ਦੀ ਵਰਤੋਂ ਨੂੰ ਲੈ ਕੇ ਇਤਰਾਜ਼ ਉਠਾਏ ਗਏ ਸਨ।
ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਸਨਯਮ ਭਾਰਦਵਾਜ ਨੇ ਕਿਹਾ, “11 ਦਸੰਬਰ ਨੂੰ ਹੋਈ ਸੀਬੀਐਸਈ ਦੀ 10ਵੀਂ ਜਮਾਤ ਦੀ ਪਹਿਲੀ ਟਰਮ ਦੀ ਪ੍ਰੀਖਿਆ ਦੇ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਪ੍ਰਸ਼ਨ ਪੱਤਰ ਦੇ ਇੱਕ ਸੈੱਟ ਵਿੱਚ ਇੱਕ ਪ੍ਰਸ਼ਨ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹੀਂ ਸੀ।” ਇਸ ਪਿਛੋਕੜ ਵਿਚ ਅਤੇ ਸਬੰਧਤ ਧਿਰਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ ‘ਤੇ ਇਹ ਮਾਮਲਾ ਵਿਸ਼ਾ ਮਾਹਿਰਾਂ ਦੀ ਕਮੇਟੀ ਕੋਲ ਭੇਜ ਦਿੱਤਾ ਗਿਆ। ਇਸ ਦੀ ਸਿਫਾਰਿਸ਼ ਅਨੁਸਾਰ ਇਸ ਨਾਲ ਜੁੜੇ ਸਵਾਲਾਂ ਨੂੰ ਛੱਡਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਸ਼ਨ ਲਈ ਸਾਰੇ ਸਬੰਧਤ ਵਿਦਿਆਰਥੀਆਂ ਨੂੰ ਪੂਰੇ ਅੰਕ ਦਿੱਤੇ ਜਾਣਗੇ। ਇਕਸਾਰਤਾ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ, ਪ੍ਰਸ਼ਨ ਪੱਤਰ ਦੇ ਸਾਰੇ ਸੈੱਟਾ ਵਿੱਚੋਂ ਪਹਿਲੇ ਨੰਬਰ ਲਈ ਵਿਦਿਆਰਥੀਆਂ ਨੂੰ ਪੂਰੇ ਅੰਕ ਵੀ ਦਿੱਤੇ ਜਾਣਗੇ। ਹਾਲਾਂਕਿ, ਸੀਬੀਐਸਈ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਸ਼ਨ ਪੱਤਰ ਵਿੱਚ ਕੋਈ ਗਲਤੀ ਨਹੀਂ ਹੈ।
ਪ੍ਰਸ਼ਨ ਪੱਤਰ ਦੇ ਅਜਿਹੇ ਅੰਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਸਨ। ਟਵਿੱਟਰ ‘ਤੇ ਲੋਕਾਂ ਨੇ ਇਨ੍ਹਾਂ ਸਵਾਲਾਂ ਲਈ ਸੀਬੀਐਸਈ ਨੂੰ ਨਿਸ਼ਾਨਾ ਬਣਾਇਆ। ਯੂਜ਼ਰ ਹੈਸ਼ਟੈਗ CBSE Insults Women ਦਾ ਸਮਰਥਨ ਕਰਨ ਲਈ ਕਾਲ ਕਰਦੇ ਦੇਖੇ ਗਏ।