ਅੱਤ ਦੀ ਗਰਮੀ ਕਾਰਨ ਸੂਬੇ ਭਰ ਵਿਚ ਬਿਜਲੀ ਦੀ ਮੰਗ 17216.62 ਹਜ਼ਾਰ ਮੈਗਾਵਾਟ ਤੋਂ ਪਾਰ ਹੋਣ ਕਾਰਨ ਪਾਵਰਕਾਮ ਬੇਹਾਲ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਨੂੰ ਜਿੱਥੇ ਗਰਮੀ ਕਾਰਨ ਹਾਲਾਤਾਂ ਨਾਲ ਨਜਿੱਠਣ ਲਈ ਬਾਹਰੀ ਸਰੋਤਾਂ ਬਿਜਲੀ ਪ੍ਰਾਪਤ ਕਰਨੀ ਪਈ ਹੈ, ਉੱਥੇ ਆਪਣੇ 3 ਸਰਕਾਰੀ ਬਿਜਲੀ ਘਰਾਂ ਵਿਚੋਂ ਲਹਿਰਾ ਮੁਹੱਬਤ ਥਰਮਲ ਕੁੱਲ ਉਤਪਾਦਨ 920 ਮੈਗਾਵਾਟ ਵਿਚੋਂ 4 ਯੂਨਿਟਾਂ ਦਾ 787 ਮੈਗਾਵਾਟ, ਰੋਪੜ ਥਰਮਲ ਦੇ 4 ਯੂਨਿਟਾਂ 840 ਚੋਂ 533 ਮੈਗਾਵਾਟ ਤੇ ਗੋਇੰਦਵਾਲ ਸਾਹਿਬ ਦੇ 2 ਯੂਨਿਟਾਂ ਦਾ 540 ਚੋਂ 498 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ, ਪਣ ਬਿਜਲੀ ਘਰਾਂ ਵਿਚੋਂ ਰਣਜੀਤ ਸਾਗਰ ਡੈਮ ਤੋਂ ਉਤਪਾਦਨ ਬੰਦ ਸੀ, ਅਪਰ ਬਾਰੀ ਬਿਸਤ ਦੁਆਬ ਕੈਨਾਲ, ਅਨੰਦਪੁਰ ਸਾਹਿਬ ਹਾਈਡੇਲ ਪ੍ਰੋਜੈਕਟ, ਮੁਕੇਰੀਆਂ ਹਾਈਡੇਲ ਪ੍ਰੋਜੈਕਟ ਤੇ ਸ਼ਾਨਨ ਪ੍ਰੋਜੈਕਟ ਤੋਂ 430 ਮੈਗਾਵਾਟ, ਸੋਲਰ ਤੇ ਨਾਨ ਸੋਲਰ ਤੋਂ 367 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ।
ਇਸ ਤੋਂ ਇਲਾਵਾ ਨਿਜੀ ਖੇਤਰ ਦੇ ਤਾਪ ਬਿਜਲੀ ਘਰ ਰਾਜਪੁਰਾ ਦੇ ਦੋ ਯੂਨਿਟਾਂ ਦਾ ਬਿਜਲੀ ਉਤਪਾਦਨ 1326 ਮੈਗਾਵਾਟ ਤੇ ਤਲਵੰਡੀ ਸਾਬੋ ਦੇ ਤਿੰਨ ਯੂਨਿਟਾਂ ਦਾ 1980 ਮੈਗਾਵਾਟ ਬਿਜਲੀ ਉਤਪਾਦਨ ਸੀ। ਸੂਬੇ ਵਿਚ ਕੁੱਲ ਬਿਜਲੀ ਉਤਪਾਦਨ 5659 ਮੈਗਾਵਾਟ ਸੀ। ਬਾਕੀ ਮੰਗ ਪਾਵਰਕਾਮ ਨੇ ਸੈਂਟਰ ਪੂਲ ਤੋਂ 11205 ਮੈਗਾਵਾਟ ਬਿਜਲੀ ਖਰੀਦ ਕਰਕੇ 17216 ਮੈਗਾਵਾਟ ਬਿਜਲੀ ਦੀ ਮੰਗ ਪੁਰੀ ਕੀਤੀ। ਸੂਬੇ ਭਰ ਵਿਚ ਅੱਜ ਅਣ ਐਲਾਨੇ ਬਿਜਲੀ ਕੱਟਾਂ ਦਾ ਖਪਤਕਾਰਾਂ ਨੂੰ ਸਾਹਮਣਾ ਕਰਨਾ ਪਿਆ।












