ਨਵੀਂ ਦਿੱਲੀ: ਅਭਿਨੇਤਰੀ ਕੰਗਨਾ ਰਣੌਤ ਦੀ ਮੋਸਟ ਅਵੇਟਿਡ ਫਿਲਮ ‘ਧਾਕੜ’ ਦਾ ਜ਼ਬਰਦਸਤ ਟੀਜ਼ਰ ਰਿਲੀਜ਼ ਹੋ ਗਿਆ ਹੈ। ਕੰਗਨਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਟੀਜ਼ਰ ‘ਚ ਕੰਗਨਾ ਦੀ ਪਹਿਲੀ ਝਲਕ ਸਾਹਮਣੇ ਆਉਂਦੇ ਹੀ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧ ਗਈ ਹੈ। ਇਸ ਦੇ ਨਾਲ ਹੀ ਫਿਲਮ ਦੀ ਨਵੀਂ ਰਿਲੀਜ਼ ਡੇਟ ਵੀ ਆ ਗਈ ਹੈ। ਕੰਗਨਾ ਰਣੌਤ ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ ਅਤੇ ਅਕਸਰ ਉਹ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਇ ਦਿੰਦੀ ਰਹਿੰਦੀ ਹੈ । ਕੰਗਨਾ ਦੀ ਫ਼ਿਲਮ ਦੇ ਰਿਲੀਜ਼ ਹੋਏ ਇਸ ਟੀਜ਼ਰ ਨੇ ਦਰਸ਼ਕਾਂ ਦੀ ਐਕਸਾਈਟਮੈਂਟ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ । ਫ਼ਿਲਹਾਲ ਉਹ ਏਨੀਂ ਦਿਨੀਂ ਆਪਣੇ ਸ਼ੋਅ ਲਾਕਅੱਪ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਇਸ ਸ਼ੋਅ ਨੂੰ ਕੰਗਨਾ ਰਣੌਤ ਹੋਸਟ ਕਰ ਰਹੀ ਹੈ ।
ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਵੀਨ, ਪੰਗਾ, ਫੈਸ਼ਨ ਸਣੇ ਹੋਰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਹਰ ਫ਼ਿਲਮ ‘ਚ ਉਸ ਦਾ ਵੱਖਰਾ ਅੰਦਾਜ਼ ਲੋਕਾਂ ਨੂੰ ਵੇਖਣ ਨੂੰ ਮਿਲਦਾ ਰਿਹਾ ਹੈ । ਆਪਣੀ ਬਿਆਨਬਾਜ਼ੀ ਕਰਕੇ ਚਰਚਾ ‘ਚ ਰਹਿਣ ਵਾਲੀ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਜ਼ਹਿਰ ਉਗਲੀ ਸੀ । ਹਾਲ ਹੀ ‘ਚ ਸਿੱਖਾਂ ਖਿਲਾਫ ਬਿਆਨਬਾਜ਼ੀ ਕਰਨ ਦੇ ਕਾਰਨ ਉਸ ‘ਤੇ ਯੂਪੀ ‘ਚ ਇੱਕ ਸ਼ਖਸ ਦੇ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ । ਦੱਸ ਦੇਈਏ ਕਿ ਪਹਿਲਾਂ ਇਹ ਫਿਲਮ 27 ਮਈ 2022 ਨੂੰ ਰਿਲੀਜ਼ ਹੋਣੀ ਸੀ। ਪਰ ਹੁਣ ਫਿਲਮ ਦੀ ਰਿਲੀਜ਼ ਡੇਟ ਬਦਲ ਕੇ ਇਕ ਹਫਤਾ ਪਹਿਲਾਂ ਕਰ ਦਿੱਤੀ ਗਈ ਹੈ। ਹੁਣ ਇਹ ਫਿਲਮ ਇਸ ਸਾਲ 20 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਇਸ ਟੀਜ਼ਰ ਨੂੰ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਹੈ।












