- ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ ਤੋਂ ਮੰਗੀ ਫਿਰੌਤੀ
- ਸੁਲਤਾਨਾ ਨੂਰਾਂ ਦੇ ਫ਼ੋਨ ‘ਤੇ ਆਇਆ ਮੈਸਜ
ਜਲੰਧਰ, 20 ਅਕਤੂਬਰ 2023 – ਪੰਜਾਬ ਦੀ ਸੂਫੀ ਗਾਇਕਾ ਵਜੋਂ ਜਾਣੀਆਂ ਜਾਂਦੀਆਂ ਨੂਰਾਂ ਸਿਸਟਰਜ਼ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਨੂਰਾਂ ਭੈਣ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਮ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੁਲਜ਼ਮਾਂ ਨੇ ਫਿਰੌਤੀ ਮੰਗਣ ਵਾਲੇ ਮੈਸਜ ਮੋਬਾਇਲ ‘ਤੇ ਭੇਜੇ ਹਨ। ਮੁਲਜ਼ਮਾਂ ਨੇ ਪੈਸੇ ਨਾ ਦੇਣ ’ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਹੁਣ ਜਲੰਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਲਤਾਨਾ ਨੂਰਾਂ ਦੇ ਪਤੀ ਨੇ ਦੱਸਿਆ ਕਿ ਉਸ ਨੂੰ ਇੱਕ ਅਣਪਛਾਤੇ ਨੰਬਰ ਤੋਂ ਮੈਸਜ ਆਇਆ ਸੀ। ਜਿਸ ਵਿੱਚ ਮੁਲਜ਼ਮ ਨੇ ਆਪਣੇ ਆਪ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਦੱਸ ਕੇ ਫਿਰੌਤੀ ਦੀ ਮੰਗ ਕੀਤੀ ਸੀ। ਪੀੜਤਾ ਅਨੁਸਾਰ ਸੁਲਤਾਨਾ ਨੂਰਾਂ ਦੇ ਨਿੱਜੀ ਫ਼ੋਨ ‘ਤੇ ਮੈਸੇਜ ਆਇਆ ਸੀ। ਜਿਸ ਨੇ ਫਿਰੌਤੀ ਦੀ ਰਕਮ ਨਾ ਦੇਣ ‘ਤੇ ਸੁਲਤਾਨਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਉਸ ਦੇ ਪਤੀ ਵੱਲੋਂ ਸ਼ੁੱਕਰਵਾਰ ਨੂੰ ਜਲੰਧਰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਨੰਬਰਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਪੁਲਿਸ ਨੂੰ ਮਿਲਿਆ ਫ਼ੋਨ ਨੰਬਰ ਸਾਈਬਰ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ। ਜਿਸ ਦਾ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਕਤ ਨੰਬਰ ਕਿੱਥੇ ਦਾ ਸੀ ਅਤੇ ਇਸ ਦਾ ਸਰਵਰ ਕਿੱਥੋਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਕਿਸੇ ਪੰਜਾਬੀ ਗਾਇਕ ਨੂੰ ਫਿਰੌਤੀ ਦੀ ਕਾਲ ਆਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਨੂੰ ਫੋਨ ਆ ਚੁੱਕੇ ਹਨ।
ਗੈਂਗਸਟਰ ਜੱਗੂ ਭਗਵਾਨਪੁਰੀਆ ਦੇਸ਼ ਦੇ ਸਭ ਤੋਂ ਅਮੀਰ ਗੈਂਗਸਟਰਾਂ ਵਿੱਚੋਂ ਇੱਕ ਹੈ। ਉਹ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜੱਗੂ ਪਿੰਡ ਧਿਆਨਪੁਰ ਵਿੱਚ ਹੋਏ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਉਸ ਵਿਰੁੱਧ ਪੰਜਾਬ ਅਤੇ ਹੋਰ ਰਾਜਾਂ ਵਿੱਚ 70 ਤੋਂ ਵੱਧ ਕੇਸ ਦਰਜ ਹਨ। ਉਸ ਦਾ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕਾਰੋਬਾਰ ਹੈ। ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਗੈਂਗਸਟਰ ਲਾਰੈਂਸ ਨੂੰ ਹਥਿਆਰ, ਗੱਡੀਆਂ ਅਤੇ ਸ਼ੂਟਰ ਮੁਹੱਈਆ ਕਰਵਾਏ ਸਨ।