ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਗੰਨ ਦਾ ਲਾਇਸੈਂਸ ਮਿਲ ਗਿਆ ਹੈ, ਜਿਸ ਲਈ ਉਹ ਕੁਝ ਦਿਨ ਪਹਿਲਾਂ ਮੁੰਬਈ ਪੁਲਸ ਕਮਿਸ਼ਨਰ ਨੂੰ ਮਿਲੇ ਸਨ। ਸਲਮਾਨ ਖਾਨ ਨੂੰ ਕੁਝ ਸਮਾਂ ਪਹਿਲਾਂ ਲਾਰੇਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਸਲਮਾਨ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਸੀ। ਜਿੱਥੇ ਸਲਮਾਨ ਨੂੰ ਗੰਨ ਲਾਇਸੈਂਸ ਮਿਲ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੀ ਗੱਡੀ ਵੀ ਅਪਗ੍ਰੇਡ ਕਰ ਲਈ ਹੈ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ 22 ਜੁਲਾਈ ਨੂੰ ਮੁੰਬਈ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ।
ਉਦੋਂ ਦੱਸਿਆ ਗਿਆ ਸੀ ਕਿ ਸਲਮਾਨ ਨੇ ਅਸਲਾ ਲਾਇਸੈਂਸ ਦੀ ਅਰਜ਼ੀ ਲਈ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਅਰਜ਼ੀ ਦਿੱਤੀ ਸੀ। ਅਜਿਹੇ ‘ਚ ਹੁਣ ਖਬਰਾਂ ਮੁਤਾਬਕ ਸਲਮਾਨ ਖਾਨ ਨੂੰ ਬੰਦੂਕ ਦਾ ਲਾਇਸੈਂਸ ਮਿਲ ਗਿਆ ਹੈ। ਰਿਪੋਰਟ ਮੁਤਾਬਕ ਇਕ ਸੀਨੀਅਰ ਆਈਪੀਐਸ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਅਰਜ਼ੀ ਤੋਂ ਬਾਅਦ ਅਧਿਕਾਰਤ ਦਸਤਾਵੇਜ਼ਾਂ ਦੀ ਪੜਤਾਲ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਹੋਈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੰਦੂਕ ਦਾ ਲਾਇਸੈਂਸ ਜਾਰੀ ਕੀਤਾ ਗਿਆ। ਸਲਮਾਨ ਨੇ ਆਪਣੀ ਕਾਰ ਟੋਇਟਾ ਲੈਂਡ ਕਰੂਜ਼ਰ ਕਾਰ ਨੂੰ ਬੁਲੇਟਪਰੂਫ ਬਣਾਇਆ ਹੈ। ਯਾਨੀ ਸਲਮਾਨ ਦੀ ਕਾਰ ਹੁਣ ਬੁਲੇਟਪਰੂਫ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।












