ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਲੈ ਕੇ ਚਿੰਤਾਜਨਕ ਖਬਰ ਆ ਰਹੀ ਹੈ। ਅਭਿਨੇਤਾ ਦੀ ਸੁਰੱਖਿਆ ‘ਚ ਵੱਡੀ ਕਮੀ ਆਈ ਹੈ। ਮੁੰਬਈ ਦੇ ਬਾਂਦਰਾ ‘ਚ ਕਿੰਗ ਖਾਨ ਦੇ ਘਰ ਮੰਨਤ ‘ਚ ਦੋ ਅਜਨਬੀ ਦਾਖਲ ਹੋਏ। ਇਹ ਮਾਮਲਾ ਵੀਰਵਾਰ ਰਾਤ ਕਰੀਬ 9.30 ਵਜੇ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਰਤ ਦੇ ਦੋ ਵਾਸੀ ਸੁਰੱਖਿਆ ਗਾਰਡਾਂ ਨੂੰ ਚਕਮਾ ਦੇ ਕੇ ਕੰਧ ਟੱਪ ਕੇ ਘਰ ਦੇ ਅੰਦਰ ਦਾਖ਼ਲ ਹੋ ਗਏ। ਇਹ ਦੋਵੇਂ ਵਿਅਕਤੀ ਸ਼ਾਹਰੁਖ ਦੇ ਘਰ ਦੀ ਤੀਜੀ ਮੰਜ਼ਿਲ ‘ਤੇ ਪਹੁੰਚੇ। ਸੁਰੱਖਿਆ ਕਰਮਚਾਰੀਆਂ ਦੀ ਨਜ਼ਰ ਉਸ ‘ਤੇ ਪੈਣ ਤੋਂ ਬਾਅਦ ਉਸ ਨੂੰ ਫੜ ਕੇ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਰਿਪੋਰਟਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਦੀ ਉਮਰ 21 ਤੋਂ 25 ਸਾਲ ਦੇ ਵਿਚਕਾਰ ਹੈ।
ਇਸ ਮਾਮਲੇ ਵਿੱਚ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ‘ਚ ਬਿਨਾਂ ਇਜਾਜ਼ਤ ਬੰਗਲੇ ‘ਚ ਦਾਖਲ ਹੋਣ ਸਮੇਤ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਤਹਿਤ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਦੋਵੇਂ ਨੌਜਵਾਨ ਸ਼ਾਹਰੁਖ ਦੇ ਘਰ ਦਾਖਲ ਹੋਏ, ਉਸ ਸਮੇਂ ਅਦਾਕਾਰ ਮੌਜੂਦ ਨਹੀਂ ਸੀ। ਪੁਲਸ ਪੁੱਛਗਿੱਛ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਵਿਅਕਤੀ ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਹਨ। ਉਹ ਸ਼ਾਹਰੁਖ ਨੂੰ ਮਿਲਣ ਗੁਜਰਾਤ ਤੋਂ ਮੁੰਬਈ ਆਏ ਸਨ। ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਫਿਲਮ ‘ਪਠਾਨ’ ਨੂੰ ਲੈ ਕੇ ਚਰਚਾ ‘ਚ ਹਨ। 25 ਜਨਵਰੀ 2023 ਨੂੰ ਰਿਲੀਜ਼ ਹੋਈ ਇਹ ਫਿਲਮ ਸਫਲਤਾ ਦੇ ਝੰਡੇ ਗੱਡ ਰਹੀ ਹੈ।












