ਏਸ਼ੀਆ ਕੱਪ 2022 ਦੇ ਸੁਪਰ 4 ਮੈਚ ‘ਚ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ 122 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਸ਼ਾਨਦਾਰ ਖੇਡ ਤੋਂ ਬਾਅਦ ਵਿਰਾਟ ਨੇ ਆਪਣੀ ਪਾਰੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨੂੰ ਸਮਰਪਿਤ ਕਰ ਦਿੱਤੀ। ਵਿਰਾਟ ਨੇ ਮੈਚ ਤੋਂ ਬਾਅਦ ਵੀ ਅਨੁਸ਼ਕਾ ਦੀ ਕਾਫੀ ਤਾਰੀਫ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਉਸ ਦੇ ਔਖੇ ਸਮੇਂ ‘ਚ ਹਮੇਸ਼ਾ ਉਸ ਦੇ ਨਾਲ ਰਹੀ। ਇਸ ਦੇ ਨਾਲ ਹੀ ਅਨੁਸ਼ਕਾ ਨੇ ਵਿਰਾਟ ਲਈ ਇੱਕ ਸਪੈਸ਼ਲ ਵੀ ਪੋਸਟ ਕੀਤਾ ਹੈ। ਅਨੁਸ਼ਕਾ ਨੇ ਵਿਰਾਟ ਦੀ ਭਾਰਤੀ ਟੀਮ ਦੀ ਜਰਸੀ ‘ਚ ਫੋਟੋ ਸ਼ੇਅਰ ਕੀਤੀ ਹੈ। ਅਨੁਸ਼ਕਾ ਨੇ ਵੀ ਫੋਟੋ ਸ਼ੇਅਰ ਕਰਕੇ ਵਿਰਾਟ ਲਈ ਸੰਦੇਸ਼ ਲਿਖਿਆ ਹੈ। ਅਦਾਕਾਰਾ ਨੇ ਲਿਖਿਆ, ‘ਮੈਂ ਹਰ ਸਮੇਂ ਤੁਹਾਡੇ ਨਾਲ ਹਾਂ।’ ਵਿਰਾਟ ਕੋਹਲੀ ਨੇ ਇਸ ਪੋਸਟ ‘ਤੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ।
ਇਸ ਦੇ ਨਾਲ ਹੀ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਵਰੁਣ ਧਵਨ, ਸ਼ਰਧਾ ਕਪੂਰ, ਰਣਵੀਰ ਸਿੰਘ, ਆਥੀਆ ਸ਼ੈੱਟੀ ਅਤੇ ਸੋਨਾਲੀ ਬੇਂਦਰੇ ਨੇ ਪੋਸਟ ‘ਤੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ। ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਜੇ ਗੱਲ ਕਰੀਏ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਹੁਣ ਫਿਲਮ ਚੱਕਦਾ ਐਕਸਪ੍ਰੈਸ ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਝੂਲਨ ਗੋਸਵਾਮੀ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਹ ਫਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਅਨੁਸ਼ਕਾ ਆਪਣੇ ਕਰੀਅਰ ‘ਚ ਪਹਿਲੀ ਵਾਰ ਕਿਸੇ ਕ੍ਰਿਕੇਟਰ ਦਾ ਕਿਰਦਾਰ ਨਿਭਾ ਰਹੀ ਹੈ ਨਾਲ ਹੀ ਉਹ ਲੰਬੇ ਸਮੇਂ ਬਾਅਦ ਇਸ ਫਿਲਮ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਉਹ ਸਾਲ 2018 ‘ਚ ਫਿਲਮ ‘ਜ਼ੀਰੋ’ ‘ਚ ਨਜ਼ਰ ਆਈ ਸੀ, ਜਿਸ ‘ਚ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਵੀ ਮੁੱਖ ਭੂਮਿਕਾਵਾਂ ‘ਚ ਸਨ।