ਚੰਡੀਗਡ਼੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੋਮਵਾਰ ਨੂੰ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ। ਕਿਸਾਨਾਂ ਵਲੋਂ ਅਰਥੀ ਫੂਕ ਮੁਜ਼ਾਹਰੇ ਕਰਨ ਦੀ ਗੱਲ ਕਹਿ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਮੇਤ ਮੁਲਕ ਦੇ ਵੱਖ-ਵੱਖ ਥਾਵਾਂ’ਤੇ ਚੱਲੇ ਸਿਰਡ਼ੀ ਕਿਸਾਨ ਅੰਦੋਲਨ ਤੋਂ ਬਾਅਦ ਮੋਦੀ ਹਕੂਮਤ ਨੇ 19 ਨਵੰਬਰ ਨੂੰ ਇਹ ਤਿੰਨੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ।
ਬਾਕੀ ਰਹਿੰਦੀਆਂ ਮੰਗਾਂ ਲਈ 9 ਦਸੰਬਰ ਨੂੰ ਹਾਕਮਾਂ ਦੇ ਨੁਮਾਇੰਦਿਆਂ ਨੇ ਲਿਖਤੀ ਪੱਤਰ ਭੇਜ ਕੇ ਸਮਾਂਬੱਧ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਲਗਪਗ ਡੇਢ ਮਹੀਨਾ ਬੀਤ ਜਾਣ ’ਤੇ ਵੀ ਕੇਂਦਰੀ ਹੁਕਮਰਾਨਾਂ ਨੇ ਮੰਗਾਂ ਨੂੰ ਠੰਡੇ ਬਸਤੇ ਵਿਚ ਪਾ ਛੱਡਿਆ ਹੈ। ਇਸ ਖਿਲਾਫ਼ 31 ਜਨਵਰੀ ਨੂੰ ਮੁਲਕ ਪੱਧਰ ’ਤੇ ਡੀਸੀ/ਐੱਸਡੀਐੱਮਜ ਦੇ ਦਫਤਰਾਂ ਵੱਲ ਅਰਥੀ ਸਾਡ਼ ਤਿੱਖੇ ਰੋਸ ਮੁਜ਼ਾਹਰੇ ਕਰ ਕੇ ਸੰਘਰਸ਼ ਮੁਡ਼ ਸ਼ੁਰੂ ਕਰਨ ਦਾ ਮੁੱਢ ਬੰਨ੍ਹਣ ਦਾ ਫੈਸਲਾ ਕੀਤਾ ਸੀ।












