ਬੇਬਸੀ, ਲਾਚਾਰੀ ਪਤਾ ਕੀ ਹੁੰਦੀ ਹੈ? ਆਪਣੀਆਂ ਅੱਖਾਂ ਸਾਹਮਣੇ ਆਪਣੇ ਬੱਚਿਆਂ ਨੂੰ ਮਰਦਾ ਵੇਖਣਾ। ਉਹ ਤੁਹਾਡੇ ਸਾਹਮਣੇ ਤੜਪ-ਤੜਪ ਕੇ ਮਰ ਰਹੇ ਹੋਣ ਤੇ ਤੁਸੀਂ ਇੰਨੇ ਲਾਚਾਰ ਹੋ ਕੀ ਤੁਸੀਂ ਚਾਹੁੰਦੇ ਹੋਏ ਵੀ ਕੁੱਝ ਨਹੀਂ ਕਰ ਸਕਦੇ। ਇਸ ਬਾਰੇ ਸੋਚ ਕੇ ਹੀ ਦਿਲ ਸਹਿਮ ਜਾਂਦਾ ਹੈ। ਪਰ ਉਨ੍ਹਾਂ ਮਾਂ-ਪਿਓ ਦਾ ਕੀ ਜਿਨ੍ਹਾਂ ਨਾਲ ਇਹ ਸਭ ਵਾਪਰਿਆ ਹੈ। ਰਾਸ਼ਟਰੀ ਰਾਜ ਮਾਰਗ ਨੰਬਰ 54 ‘ਤੇ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ । ਜਿਸ ‘ਚ ਇਕ 4-5 ਸਾਲ ਦੀ ਮਾਸੂਮ ਜ਼ਿੰਦਾ ਸੜ ਗਈ। ਮਾਪੇ ਰੌਂਦੇ ਰਹੇ ਕੁਰਲਾਉਂਦੇ ਰਹੇ ਉਨ੍ਹਾਂ ਦੀ ਨੰਨ੍ਹੀ ਧੀ ਦੇ ਵੀ ਉਨ੍ਹਾਂ ਨੂੰ ਮਦਦ ਲਈ ਪੁਕਾਰਦੀ ਰਹੀ ਪਰ ਕੁੱਝ ਨਾ ਹੋ ਸਕਿਆ। ਬੇਵਸ ਪਿਓ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਦਾ ਰਿਹਾ ਪਰ ਕੁੱਝ ਨਾ ਹੋ ਪਾਇਆ। ਸਿਰ ਫੜ ਕਹਿੰਦਾ ਰਿਹਾ ”ਹਾਏ ਮੇਰੀ ਧੀ ਹਾਏ ਮੇਰੀ ਧੀ” ਉੱਥੇ ਹੀ ਮਾਂ ਦੀ ਹਾਲਤ ਬੇਹੱਦ ਖਰਾਬ ਸੀ। ਉਹ ਇੱਧਰ-ਉੱਧਰ ਭੱਜਦੀ ਰਹੀ ਪਰ ਬੇਵਸੀ ਅੱਗੇ ਮਜਬੂਰ ਹੋ ਗਈ।
ਐਤਵਾਰ ਸ਼ਾਮ ਨੂੰ ਇਹ ਪਰਿਵਾਰ ਖੁਸ਼ੀ ਖੁਸ਼ੀ ਰਿਸ਼ਤੇਦਾਰਾਂ ਨੂੰ ਮਿਲ ਕੇ ਘਰੇ ਵਾਪਸ ਪਰਤ ਰਿਹਾ ਸੀ। ਕਾਰ ‘ਚ ਪਤੀ-ਪਤਨੀ ਤੇ ਉਨ੍ਹਾਂ ਦੇ 4 ਬੱਚੇ ਸਨ। ਹਾਸਾ-ਮਜ਼ਾਕ ਚੱਲ ਰਿਹਾ ਸੀ। ਜਵਾਕ ਸ਼ਰਾਰਤਾਂ ਕਰ ਰਹੇ ਸਨ ਉਨ੍ਹਾਂ ਦੀਆਂ ਨਾਦਾਨੀਆਂ ਵੇਖ ਮਾਪੇ ਖੁਸ਼ ਹੋ ਰਹੇ ਸਨ ਸ਼ਾਇਦ ਮਾਂ ਨੇ ਇਹ ਵੀ ਕਿਹਾ ਹੋਵੇ ”ਵਾਹਿਗੁਰੂ ਜੀ ਮੇਰੇ ਪਰਿਵਾਰ ਨੂੰ ਇੰਝ ਹੀ ਹੱਸਦਾ ਖੇਡਦਾ ਰੱਖੀ”। ਸ਼ਾਮ ਦੇ 6:30 ਹੋ ਚੁਕੇ ਸਨ।ਪਰਿਵਾਰ ਨੂੰ ਕੀ ਪਤਾ ਸੀ ਆਹ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਪਲ ਬਣ ਜਾਵੇਗਾ ਜੋ ਸਭ ਤਬਾਹ ਕਰ ਦੇਵੇਗਾ। ਕਾਰ ‘ਚ ਅਚਾਨਕ ਖਰਾਬੀ ਆਈ ਤੇ ਫਟਾਫਟ ਪਿਤਾ ਹੇਠਾਂ ਉਤਰਿਆ ਤੇ ਉਸਨੇ ਗੱਡੀ ਚੈੱਕ ਕਰਨੀ ਸ਼ੁਰੂ ਕਰ’ਤੀ। ਮਾਂ ਨੇ ਵੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੱਡੀ ‘ਚੋਂ ਬਾਹਰ ਕੱਢਿਆ ਤੇ ਇਸੀ ਵਿਚਾਲੇ ਅੱਗੇ ਦੀ ਸੀਟ ‘ਤੇ ਬੈਠੀ ਧੀ ਨੂੰ ਜੱਦ ਬਾਹਰ ਕੱਢਣ ਲੱਗੀ ਤਾਂ ਸੈਂਟਰ ਲਾਕ ਲਗ ਗਿਆ ਤੇ ਕਾਰ ਨੂੰ ਅੱਗ ਲਗ ਗਈ। ਉਹ ਮਾਸੂਮ ਬੱਚੀ ਜੋ ਉਡੀਕ ਕਰ ਰਹੀ ਸੀ ਮਾਂ ਮੈਨੂੰ ਵੀ ਬਾਹਰ ਕੱਢੇਗੀ ਮਿੰਟਾਂ ‘ਚ ਸੜ ਕੇ ਸੁਆਹ ਹੋ ਗਈ।
ਜਿੱਥੇ ਹੀ ਘਟਨਾ ਹੋਈ ਉਸ ਤੋਂ ਕੁੱਝ ਦੂਰੀ ‘ਤੇ ਟੋਲ ਪਲਾਜ਼ਾ ਹੈ ਪਰ ਫਿਰ ਵੀ ਮਦਦ ਸਮੇਂ ਤੇ ਨਾ ਮਿਲ ਪਾਈ। ਜਦੋਂ ਤੱਕ ਫਾਇਰ ਬ੍ਰਿਗੇਡ ਆਈ ਉਦੋਂ ਤੱਕ ਤਾਂ ਬੱਸ ਨੰਨ੍ਹੀ ਧੀ ਦੀਆਂ ਹੱਡੀਆਂ ਹੀ ਬੱਚੀਆਂ ਸਨ। ਇਸ ਬਾਰੇ ‘ਚ ਜਾਣਕਾਰਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਜੋ ਕਿ ਆਰਮੀ ‘ਚ ਹੈ ਆਪਣੇ ਸਹੁਰਿਆਂ ਤੋਂ ਵਾਪਿਸ ਆ ਰਿਹਾ ਸੀ ਇਸ ਵਿਚਾਲੇ ਇਹ ਸਭ ਹੋਇਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਭਾਈ ਦੀ ਮੁਖੀ ਸ਼ਿਮਲਾ ਰਾਣੀ ਵੱਲੋਂ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਛਾਣਬੀਣ ਕੀਤੀ ਜਾ ਰਹੀ ਹੈ।












