ਹਰ ਦਿਨ ਜਦੋਂ ਤੁਸੀਂ ਆਪਣੀ ਗੱਡੀ ਵਿਚ ਪੈਟਰੋਲ ਜਾਂ ਡੀਜ਼ਲ ਭਰਵਾਉਣ ਜਾਂਦੇ ਹੋ ਤਾਂ ਤੁਹਾਡੇ ਮਨ ਵਿਚ ਖਿਆਲ ਆਉਂਦਾ ਹੈ ਕਿ ਜਿਵੇਂ ਪੈਟਰੋਲ-ਡੀਜ਼ਲ ਦੇ ਰੇਟ ਵਧਣ ਦੀ ਖਬਰ ਆਈ ਸੀ, ਕਾਸ਼ ਉਸੇ ਤਰ੍ਹਾਂ ਪੈਟਰੋਲ-ਡੀਜ਼ਲ ਦੇ ਰੇਟ ਘੱਟ ਹੋਣ ਦੀ ਵੀ ਖਬਰ ਆਏ। ਪੈਟਰੋਲ-ਡੀਜ਼ਲ ਕਦੋਂ ਸਸਤਾ ਹੋਵੇਗਾ, ਇਹ ਸਵਾਲ ਕਰੋੜਾਂ ਲੋਕਾਂ ਦੇ ਮਨ ਵਿਚ ਹੈ। ਇਹੀ ਸਵਾਲ ਬੀਤੇ ਦਿਨੀਂ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਤੋਂ ਵੀ ਕੀਤਾ ਗਿਆ। ਉਨ੍ਹਾਂ ਨੇ ਇਸ ਸਵਾਲ ਦੇ ਨਾਲ ਕਈ ਹੋਰ ਸਵਾਲਾਂ ਦੇ ਵੀ ਜਵਾਬ ਦਿੱਤੇ। ਨਾਲ ਹੀ ਦੱਸਿਆ ਕਿ ਕਿਹੜੀਆਂ ਰਣਨੀਤੀਆਂ ਦੀ ਬਦੌਲਤ ਮਿਡਲ ਈਸਟ ਸੰਕਟ ਦੌਰਾਨ ਵੀ ਭਾਰਤ ‘ਤੇ ਹੋਰਮੁਜ਼ ਸਟ੍ਰੇਟ ਦਾ ਜ਼ਿਆਦਾ ਅਸਰ ਨਹੀਂ ਪਿਆ।
ਜੇਕਰ ਤੁਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਰਾਹਤ ਦੀ ਉਮੀਦ ਕਰ ਰਹੇ ਹੋ ਤਾਂ ਤੁਹਾਨੂੰ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਫਿਲਹਾਲ ਪੈਟਰੋਲ-ਡੀਜ਼ਲ ਸਸਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ 2-3 ਮਹੀਨੇ ਸਥਿਤੀ ਸਮਾਨ ਰਹੀ ਤਾਂ ਪੈਟਰੋਲ-ਡੀਜਲ ਸਸਤਾ ਹੋ ਸਕਦਾ ਹੈ।
ਤੇਲ ਦੀਆਂ ਕੀਮਤਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੁਰੀ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਤਰਾਅ-ਚੜ੍ਹਾਅ ਦੇ ਬਾਵਜੂਦ ਭਾਰਤ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਫੀ ਹੱਦ ਤੱਕ ਸਥਿਰ ਬਣੀਆਂ ਹੋਈਆਂ ਹਨ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਪਿਛਲੇ 4 ਸਾਲਾਂ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਸਿਰਫ 5.58 ਫੀਸਦੀ ਤੇ ਡੀਜ਼ਲ ਦੀਆਂ ਕੀਮਤਾਂ ਵਿਚ 6.23 ਫੀਸਦੀ ਦਾ ਵਾਧਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇਲ ਮਾਰਕੀਟਿੰਗ ਕੰਪਨੀਆਂ ਅਜੇ ਵੀ ਲਗਭਗ 2.18 ਲੱਖ ਕਰੋੜ ਰੁਪਏ ਦੇ ਘਾਟੇ ਦੀ ਭਰਪਾਈ ਕਰ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਕੋਲ ਅਜੇ ਵੀ ਅਜਿਹੇ ਈਂਧਣ ਦੇ ਸਟਾਕ ਮੌਜੂਦ ਹਨ ਜਿਸ ਨੂੰ ਉਦੋਂ ਖਰੀਦਿਆ ਗਿਆ ਸੀ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਕਾਫੀ ਵੱਧ ਸੀ। ਇਸ ਲਈ ਅਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣਾ ਸੰਭਵ ਨਹੀਂ ਹੈ












