ਸਿਹਤ ਤੇ ਤੰਦਰੁਸਤੀ ਲਈ ਸਿਰਫ਼ ਖਾਣਾ-ਪੀਣਾ ਹੀ ਜ਼ਰੂਰੀ ਨਹੀਂ, ਕਦੋਂ ਅਤੇ ਕੀ ਖਾਣਾ ਹੈ, ਇਸ ਬਾਰੇ ਗਿਆਨ ਹੋਣਾ ਵੀ ਬੇਹੱਦ ਲਾਜ਼ਮੀ ਹੈ। ਆਪਣੀ ਜੀਵਨ ਸ਼ੈਲੀ ਅਤੇ ਆਦਤਾਂ ਦਾ ਧਿਆਨ ਰੱਖਣਾ ਤੁਹਾਨੂੰ ਆਪਣੇ ਬਾਰੇ ਚੰਗਾ ਮਹਿਸੂਸ ਕਰਾਉਂਦਾ ਹੈ। ਇਹ ਤੁਹਾਡੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ।ਹਰ ਇੱਕ ਲਈ ਸਿਹਤਮੰਦ ਜ਼ਿੰਦਗੀ ਜਿਊਣਾ ਮਹੱਤਵਪੂਰਨ ਹੈ। ਤੁਹਾਨੂੰ ਤੰਬਾਕੂਨੋਸ਼ੀ, ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਸ਼ਰਾਬ ਪੀਣ ਵਰਗੀਆਂ ਨੂੰ ਭੈੜੀਆਂ ਆਦਤਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ।
ਇਹ ਆਦਤਾਂ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਇੱਕ ਵਾਰੀ ਜਦੋਂ ਤੁਸੀਂ ਇਨ੍ਹਾਂ ਦੇ ਆਦੀ ਬਣ ਜਾਂਦੇ ਹੋ, ਤਾਂ ਇਨ੍ਹਾਂ ਤੋਂ ਪਿੱਛਾ ਛਡਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ।ਮਨੁੱਖ ਜਿੰਨੀ ਮਰਜ਼ੀ ਚੰਗੀ ਖ਼ੁਰਾਕ ਖਾ ਲਵੇ, ਜੇ ਉਸ ਦੇ ਵਿਚਾਰ ਸੰਤੁਲਿਤ ਨਹੀਂ ਤੇ ਸੋਚ ਉਸਾਰੂ ਹੈ ਤਾਂ ਉਹ ਕਦੇ ਵੀ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਨਹੀਂ ਹੋ ਸਕਦਾ। ਗੁੱਸਾ, ਨਿਰਾਸ਼ਾ, ਚਿੰਤਾ, ਘਰੇਲੂ ਕਲੇਸ਼ ਮਨੁੱਖੀ ਸਿਹਤ ’ਤੇ ਮਾੜਾ ਅਸਰ ਪਾਉਂਦੇ ਹਨ। ਚੰਗੀ ਖ਼ੁਰਾਕ ਦੇ ਨਾਲ-ਨਾਲ ਚੰਗੇ ਵਿਚਾਰ ਤੇ ਲੜਾਈ-ਝਗੜੇ ਤੋਂ ਦੂਰ ਰਹਿਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਜੋ ਚੰਗੀ ਮਾਨਸਿਕ ਤੇ ਸਰੀਰਕ ਸਿਹਤ ਲਈ ਜ਼ਰੂਰੀ ਹੈ।ਨਰੋਈ ਸਿਹਤ ਲਈ ਰੋਜ਼ਾਨਾ ਸੈਰ ਤੇ ਕਸਰਤ ਕਰੋ।
ਬਜ਼ੁਰਗਾਂ ਲਈ ਰੋਜ਼ਾਨਾ ਸੈਰ ਤੇ ਨੌਜਵਾਨਾਂ ਲਈ ਕਸਰਤ ਅਤੇ ਖੇਡਾਂ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਘਰ ਸਿਰਫ਼ ਇੱਟਾਂ ਤੇ ਸੀਮਿੰਟ ਨਾਲ ਨਹੀਂ ਬਣਦਾ, ਇਹ ਪਰਿਵਾਰਕ ਸਾਂਝ, ਪਿਆਰ ਤੇ ਵਿਸ਼ਵਾਸ ਨਾਲ ਬਣਦਾ ਹੈ। ਸੁਖੀ ਪਰਿਵਾਰ ਮਾਨਸਿਕ ਤੇ ਸਰੀਰਕ ਸਿਹਤ ਦਾ ਖ਼ਜ਼ਾਨਾ ਹੈ।ਸਿਹਤਮੰਦ ਰਹਿਣ ਦੇ ਬਹੁਤ ਸਾਰੇ ਤਰੀਕੇ ਹਨ। ਇੱਕ ਚੰਗੀ ਜੀਵਨ ਸ਼ੈਲੀ ਤੁਹਾਨੂੰ ਰੋਗਾਂ ਤੋਂ ਬਚਾਉਂਦੀ ਹੈ। ਚੰਗੀਆਂ ਆਦਤਾਂ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਤੁਹਾਨੂੰ ਤੰਦਰੁਸਤ ਰਹਿਣ ਵਿੱਚ ਸਹਾਇਤਾ ਕਰਦੀਆਂ ਹਨ। ਕਿਸੇ ਵਿਅਕਤੀ ਦੀ ਸਿਹਤ ਅਤੇ ਤੰਦਰੁਸਤੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜੀਉਂਦਾ ਹੈ। ਜੰਕ ਫੂਡ ਖਾਣ ਅਤੇ ਦੇਰ ਨਾਲ ਉੱਠਣ ਵਰਗੀਆਂ ਆਦਤਾਂ ਤੋਂ ਪਰਹੇਜ਼ ਕਰਨਾ ਚੰਗਾ ਹੈ। ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਸਰਤ ਕਰੋ, ਚੰਗੀ ਨੀਂਦ ਲਵੋ ਅਤੇ ਸੰਤੁਲਿਤ ਖ਼ੁਰਾਕ ਖਾਓ।