482 | 01-02-2022
ਆਸਾ ॥
ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥ ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥1॥ ਬਾਬਾ ਮਾਇਆ ਮੋਹ ਹਿਤੁ ਕੀਨੑ ॥ ਜਿਨਿ ਗਿਆਨੁ ਰਤਨੁ ਹਿਰਿ ਲੀਨੑ ॥1॥ ਰਹਾਉ ॥ ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥ ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥2॥ ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥ ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥3॥5॥27॥
MEAN
ਆਸਾ ॥
ਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ । ਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ।1। ਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ, ਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ ।1।ਰਹਾਉ। ਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ । (ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ®ੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ ।2। ਕਬੀਰ ਆਖਦਾ ਹੈ—(ਹੇ ਭਾਈ! ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ, ਅਤੇ ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ।3।5।27।












