ਜਲੰਧਰ: ਆਦਮਪੁਰ ਇਲਾਕੇ ‘ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਕਿਤਾਬਾਂ ਦੀ ਦੁਕਾਨ ‘ਚ ਜ਼ੋਰਦਾਰ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਦੁਕਾਨ ਨੂੰ ਅੱਗ ਲਾਉਣ ਆਏ ਤਿੰਨ ਨੌਜਵਾਨਾਂ ‘ਚੋਂ ਦੋ ਨੌਜਵਾਨ ਅੱਗ ਦੀ ਲਪੇਟ ‘ਚ ਆ ਗਏ, ਜਦਕਿ ਤੀਜਾ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ‘ਚ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੈ ਜਿਸਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਾਸੀ ਬਸਤੀ ਬਾਵਾ ਖੇਲ ਅਤੇ ਜ਼ਖਮੀ ਜਤਿੰਦਰ ਵਾਸੀ ਬਸਤੀ ਬਾਵਾ ਖੇਲ ਵਜੋਂ ਹੋਈ ਹੈ।

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਬੁੱਕ ਸਟੋਰ ਵਿਚ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਇਸ ਦਾ ਸ਼ਟਰ ਬੰਦ ਕਰ ਦਿੱਤਾ। ਦੁਕਾਨ ਕਾਫੀ ਪੁਰਾਣੀ ਸੀ ਅਤੇ ਇਸ ਵਿਚ ਕਾਫੀ ਸਮਾਨ ਪਿਆ ਸੀ, ਜਿਸ ਕਾਰਨ ਦੁਕਾਨ ਦੇ ਅੰਦਰ ਵੱਡਾ ਧਮਾਕਾ ਹੋ ਗਿਆ। ਫਰਾਰ ਦੱਸੇ ਜਾਂਦੇ ਤੀਜੇ ਨੌਜਵਾਨ ਦੀ ਭਾਲ ਜਾਰੀ ਹੈ ਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।