
ਚੰਡੀਗੜ੍ਹ: PGI ਦੇ ਬਾਹਰ ਪਿੱਛਲੇ 21 ਸਾਲਾਂ ਤੋਂ ਲੰਗਰ ਲਾ ਰਹੇ ਪਦਮਸ਼੍ਰੀ ਜਗਦੀਸ਼ ਅਹੂਜਾ ਦਾ ਦੇਹਾਂਤ ਹੋ ਗਿਆ ਹੈ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਨੂੰ 2020 ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪਦਮ ਸ਼੍ਰੀ ਪੁਰਸਕਾਰ ਵੀ ਮਿਲਿਆ ਸੀ। ਤੁਹਾਨੂੰ ਦੱਸ ਦਈਏ ਕਿ ਉਹ ਪਿਛਲੇ 2 ਦਹਾਕਿਆਂ ਤੋਂ PGI ਦੇ ਬਾਹਰ ਲੰਗਰ ਲਾ ਰਹੇ ਸਨ। ਲੋਕਾਂ ਦਾ ਪੇਟ ਭਰ ਸਕੇ ਤੇ ਉਨ੍ਹਾਂ ਦਾ ਲੰਗਰ ਚੱਲਦਾ ਰਹੇ ਇਸਲਈ ਉਨ੍ਹਾਂ ਨੇ ਆਪਣੀ ਪ੍ਰਾਪਰਟੀ ਤੱਕ ਵੇਚ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੰਗਰ ਸੇਵਾ ਤੋਂ ਕਾਫੀ ਸਕੂਨ ਮਹਿਸੂਸ ਹੁੰਦਾ ਹੈ। ਕੈਂਸਰ ਹੋਣ ਤੋਂ ਪਹਿਲਾਂ ਉਹ ਖੁਦ 2 ਤੋਂ 3 ਹਜ਼ਾਰ ਲੋਕਾਂ ਭੋਜਨ ਕਰਵਾਉਂਦੇ ਸਨ।
ਜ਼ਿਕਰਯੋਗ ਹੈ ਕਿ 1956 ‘ਚ ਉਹ ਚੰਡੀਗੜ੍ਹ ਆਏ ਸਨ। ਇੱਥੇ ਉਨ੍ਹਾਂ ਨੇ ਫ਼ਲ ਦੀ ਰੇਹੜੀ ਵੀ ਲਾਈ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੇ 8ਵੇਂ ਜਨਮਦਿਨ ‘ਤੇ 150 ਬੱਚਿਆਂ ਨੂੰ ਖਾਣਾ ਖਿਲਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 18 ਸਾਲ ਤੱਕ ਸੈਕਟਰ-23 ਵਿਖੇ ਆਪਣੇ ਘਰ ਦੇ ਕੋਲ ਇਹ ਲੰਗਰ ਚਲਾਇਆ। ਜਿਸ ਤੋਂ ਬਾਅਦ 2001 ‘ਚ ਉਨ੍ਹਾਂ ਨੇ PGI ਦੇ ਬਾਹਰ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ। ਲੰਗਰ ਬਾਬਾ ਚੰਡੀਗੜ੍ਹ ਦੇ ਜ਼ਰੂਰਤਮੰਦ ਲੋਕਾਂ ਲਈ ਇਕ ਸਰਾਂ ਦਾ ਨਿਰਮਾਣ ਕਰਨਾ ਚਾਹੁੰਦੇ ਸਨ। ਇਸਲਈ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜ਼ਮੀਨ ਦੀ ਮੰਗ ਵੀ ਕੀਤੀ ਸੀ।