ਅੰਮ੍ਰਿਤਸਰ: ਪੰਜਾਬ ‘ਚ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਵਲੋਂ ਜਨਤਾ ਨੂੰ ਨਵੇਂ-ਨਵੇਂ ਆਫ਼ਰ ਦਿੱਤੇ ਜਾ ਰਹੇ ਹਨ। ਇਸਦੇ ਚਲਦੇ ਆਮ ਆਦਮੀ ਪਾਰਟੀ ਵਲੋਂ ਵੀ ਕੁੱਝ ਗਾਰੰਟੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਿਸ਼ਨ ਪੰਜਾਬ ਦੀ ਸ਼ੁਰੁਆਤ ਕੀਤੀ ਗਈ ਹੈ।
ਉਹ ਪੰਜਾਬ ਫੇਰੀ ‘ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਅਧਿਆਪਕਾਂ ਲਈ ਕੁੱਝ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਟੀਚਰਾਂ ਨੂੰ 8 ਗਾਰੰਟੀਆਂ ਦਿੱਤੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਇੱਥੇ ਅਧਿਆਪਕਾਂ ਦੀ ਹਾਲਤ ਬਹੁਤ ਖਰਾਬ ਹੈ। ਅਧਿਆਪਕਾਂ ਨੂੰ ਅਸੀਂ ਵਧੀਆ ਮਾਹੌਲ ਦੇਵਾਂਗੇ, ਕਿਉਂਕਿ ਸਿੱਖਿਆ ਦੇ ਖੇਤਰ ’ਚ ਜੋ ਬਦਲਾਅ ਲਿਆਉਂਣੇ ਹਨ, ਉਹ ਅਧਿਆਪਕ ਮਿਲ ਕੇ ਲਿਆਉਣਗੇ। ਦਿੱਲੀ ਦੇ ਵਾਂਗ ਪੰਜਾਬ ਦਾ ਵੀ ਮਾਹੌਲ ਬਦਲ ਦਿੱਤਾ ਜਾਵੇਗਾ।
ਕੇਜਰੀਵਾਲ ਵਲੋਂ ਦਿੱਤੀਆਂ 8 ਗਾਰੰਟੀਆਂ
- ਅਧਿਆਪਕਾਂ ਤੋਂ ਕਿਸੇ ਹੋਰ ਤਰ੍ਹਾਂ ਦੀ ਕੋਈ ਵੀ ਡਿਊਟੀ ਨਹੀਂ ਕਰਵਾਈ ਜਾਵੇਗੀ
- ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ
- ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਦੀ ਮਨ ਮਰਜ਼ੀ ਅਨੁਸਾਰ ਘਰ ਦੇ ਨੇੜੇ ਕੀਤਾ ਜਾਵੇਗਾ
- ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ
- ਅਧਿਆਪਕਾਂ ਨੂੰ ਵਿਦੇਸ਼ਾਂ ਅਤੇ ਹੋਰ ਵੱਡੀਆਂ ਸੰਸਥਾਵਾਂ ‘ਚ ਸਿਖਲਾਈ ਲਈ ਭੇਜਿਆ ਜਾਵੇਗਾ
- ਪਰਮੋਸ਼ਨ ਸਮੇਂ ਅਨੁਸਾਰ ਹੋਵੇਗੀ
- ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ ਕੀਤਾ ਜਾਵੇਗਾ
- ਅਧਿਆਪਕਾਂ ਨੂੰ ਵਧੀਆ ਮਾਹੌਲ ਦੇਵਾਂਗੇ ਤੇ ਸਿੱਖਿਆ ਦੇ ਖੇਤਰ ‘ਚ ਕ੍ਰਾਂਤੀ ਲੈ ਕੇ ਆਵਾਂਗੇ