ਯੂਕਰੇਨ ਦੇ ਖ਼ਾਰਕੀਵ ਸ਼ਹਿਰ ਵਿੱਚ ਰੂਸੀ ਹਮਲੇ ਜਾਰੀ ਹਨ। ਸ਼ਹਿਰ ਦੇ ਗਵਰਨਰ ਦਾ ਦਾਅਵਾ ਹੈ ਕਿ ਇਨ੍ਹਾਂ ਹਵਾਈ ਹਮਲਿਆਂ ‘ਚ 21 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 112 ਲੋਕ ਜ਼ਖਮੀ ਹਨ। ਇਸ ਤੋਂ ਇਲਾਵਾ ਖਾਰਕਿਵ ਸਥਿਤ ਮਿਲਟਰੀ ਅਕੈਡਮੀ ‘ਤੇ ਵੀ ਰਾਕੇਟ ਨਾਲ ਹਮਲਾ ਕੀਤਾ ਗਿਆ। ਬੁੱਧਵਾਰ ਸਵੇਰੇ ਰੂਸੀ ਪੈਰਾਟ੍ਰੋਪਰਾਂ ਨੇ ਖਾਰਕਿਵ ਦੇ ਇੱਕ ਹਸਪਤਾਲ ‘ਤੇ ਹਮਲਾ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਇਸ ਜੰਗ ਵਿੱਚ ਹੁਣ ਤੱਕ ਕਰੀਬ 6000 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਇੱਥੇ ਰੂਸ ਖੇਰਸਨ ਸ਼ਹਿਰ ‘ਤੇ ਕਬਜ਼ਾ ਕਰਨ ਦਾ ਦਾਅਵਾ ਕਰ ਰਿਹਾ ਹੈ।

ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਯੂਕਰੇਨ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਿਸ਼ਵ ਬੈਂਕ ਯੂਕਰੇਨ ਲਈ 3 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਜਲਦੀ ਹੀ ਇਸ ਬਾਰੇ ਵਿਚਾਰ ਕਰ ਰਿਹਾ ਹੈ।

ਉਧਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਤੀਜੇ ਵਿਸ਼ਵ ਯੁੱਧ ਦੇ ਸੰਕੇਤ ਦਿੰਦਿਆਂ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੀਸਰਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ ਅਤੇ ਇਸ ਵਿਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੀ ਖੁੱਲ੍ਹ ਕੇ ਕੀਤੀ ਜਾਵੇਗੀ।












