ਕਿਹਾ, ਸਕੂਲੀ ਸਿੱਖਿਆ ਵਿੱਚ ਪੰਜਾਬ ਨੰਬਰ 1 ਤੇ ਸੀ
ਚੰਡੀਗੜ੍ਹ, 27 ਅਪਰੈਲ : – ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਦਰਮਿਆਨ ‘ਨੌਲੇਜ ਸ਼ੇਅਰਿੰਗ
ਐਗਰੀਮੈਂਟ’ ਸਿਰਫ ਪੰਜਾਬ ਦਾ ਕੰਟਰੋਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸਿਹਤ ਮਾਡਲ, ਜਿਸਦੀ ਕੇਜਰੀਵਾਲ ਅਤੇ ਭਗਵੰਤ
ਮਾਨ ਪ੍ਰਸ਼ੰਸਾ ਕਰ ਰਹੇ ਹਨ, ਕੋਵਿਡ ਮਹਾਮਾਰੀ ਦੌਰਾਨ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਦਿੱਲੀ ਦੀ ਸਿਹਤ ਪ੍ਰਣਾਲੀ
ਪੂਰੀ ਤਰ੍ਹਾਂ ਨਾਲ ਢਹਿ ਗਈ ਸੀ ਅਤੇ ਮਰੀਜ਼ ਇਲਾਜ ਲਈ ਪੰਜਾਬ ਆਉਂਦੇ ਸਨ। ਜਿਸ ‘ਤੇ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਇਹ ਹੈਲਥ ਮਾਡਲ ਹੈ, ਜੋ
ਤੁਸੀਂ ਪੰਜਾਬ ‘ਚ ਵੇਚ ਰਹੇ ਹੋ ਅਤੇ ਸਾਡੇ ਮੁੱਖ ਮੰਤਰੀ ਅਧੀਨਤਾ ਦੇ ਨਾਲ ਇਸਦੀ ਪ੍ਰਸੰਸਾ ਕਰ ਰਹੇ ਹਨ? ਸਿੱਧੂ ਨੇ ਕਿਹਾ ਕਿ ਦਿੱਲੀ ਵਿੱਚ ਇਲਾਜ ਨਾ ਮਿਲਣ ਕਾਰਨ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਸੀਨੀਅਰ ਪੱਤਰਕਾਰ ਰੋਹਿਤ ਸਰਦਾਨਾ, ‘ਆਪ’ ਆਗੂ ਅਤੇ ਸਾਬਕਾ ਪੱਤਰਕਾਰ ਜਰਨੈਲ ਸਿੰਘ ਦੀ ਵੀ ਦਿੱਲੀ ਵਿੱਚ ਸਹੀ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਸੀ। ਇੱਥੋਂ ਤੱਕ ਕਿ ਦਿੱਲੀ ਸਰਕਾਰ ਲੋਕਾਂ ਨੂੰ ਲੋੜੀਂਦੀ ਆਕਸੀਜਨ ਵੀ ਮੁਹੱਈਆ ਨਹੀਂ ਕਰਵਾ ਸਕੀ ਸੀ ਅਤੇ ਹੁਣ ਉਹ ਪੰਜਾਬ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਦੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਤੋਂ ਸਿੱਖਣ ਦੇ ਉਲਟ ਦਿੱਲੀ ਨੂੰ ਪੰਜਾਬ ਤੋਂ ਸਿੱਖਣ ਦੀ ਲੋੜ ਹੈ।
ਇਸੇ ਤਰ੍ਹਾਂ ਸਕੂਲਾਂ ਬਾਰੇ ਦਿੱਲੀ ਸਰਕਾਰ ਦੇ ਦਾਅਵਿਆਂ ‘ਤੇ ਹੱਸਦੇ ਹੋਏ, ਸਾਬਕਾ ਮੰਤਰੀ ਨੇ ਕਿਹਾ ਕਿ ਸਾਲ 2019-20 ਵਿੱਚ ਸਕੂਲੀ ਸਿੱਖਿਆ ਲਈ ‘ਨੈਸ਼ਨਲ ਪਰਫਾਰਮੈਂਸ
ਗਰੇਡਿੰਗ ਇੰਡੈਕਸ’ ਵਿੱਚ ਪੰਜਾਬ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਪਹਿਲੇ ਨੰਬਰ ‘ਤੇ ਹੈ। ਸਿੱਧੂ ਨੇ ਮਾਨ ਨੂੰ ਸਲਾਹ ਦਿੱਤੀ ਕਿ ਦਿੱਲੀ ਜਾ ਕੇ ਉੱਥੋਂ ਗਿਆਨ ਪ੍ਰਾਪਤ ਕਰਨ ਦੀ ਬਜਾਏ ਬਿਹਤਰ ਹੋਵੇਗਾ ਕਿ ਸਾਡੇ ਮੁੱਖ ਮੰਤਰੀ ਆਪਣੇ ਦਿੱਲੀ ਦੇ ਹਮਰੁਤਬਾ ਨੂੰ ਪੰਜਾਬ ਦਾ ਕੋਈ ਸਰਕਾਰੀ ਸਕੂਲ ਦਿਖਾਉਣ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਿਵੇਂ ਕੇਰਲ ਸਰਕਾਰ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠਾਂ ਦਾ ਪਰਦਾਫਾਸ਼ ਕੀਤਾ ਸੀ, ਜਦੋਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਕੇਰਲ ਦੇ ਇੱਕ ਵਫ਼ਦ ਨੇ ਸਿੱਖਿਆ ਮਾਡਲ ਬਾਰੇ ਜਾਣਨ ਲਈ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ। ਜਦੋਂ ਉਨ੍ਹਾਂ ਨੂੰ ਕੇਰਲ ਤੋਂ ਮੂੰਹ ਦੀ ਖਾਣੀ ਪਈ ਸੀ ਅਤੇ ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਫੇਲ੍ਹ ਮਾਡਲ ਵੇਚਣ ਲਈ ਵਰਤ ਰਹੇ ਹਨ।












