ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਥਾਂ ਆਧਾਰ ਕਾਰਡ ਨਾਲ ਇਜਾਜ਼ਤ ਦੇਣ ਲਈ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ।। ਕੈਪਟਨ ਦਾ ਕਹਿਣਾ ਹੈ ਕਿ ਲਾਂਘੇ ਰਾਹੀਂ ਸ੍ਰੀ ਕਰਤਾਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਸ਼ਰਤ ‘ਚ ਢਿੱਲ ਦਿੱਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਹੁਣ ਹਰ ਕਿਸੇ ਕੋਲ ਪਾਸਪੋਰਟ ਨਹੀਂ ਹੈ ਪਰ ਆਧਾਰ ਕਾਰਡ ਜ਼ਰੂਰ ਹੈ, ਇਸ ਲਈ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਆਧਾਰ ਕਾਰਡ ‘ਤੇ ਵੀ ਦਿੱਤੀ ਜਾਵੇ। ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਇਸ ਬਾਰੇ ਗੱਲ ਕੀਤੀ ਜਾਵੇ।

ਸਾਬਕਾ ਮੁੱਖ ਮੰਤਰੀ ਨੇ ਟਵੀਟ ‘ਚ ਪੰਜਾਬ ਸਰਕਾਰ ਨੂੰ ਵੀ ਕਿਹਾ ਹੈ ਕਿ ਪੰਜਾਬ ‘ਚ ਉਨ੍ਹਾਂ ਦੀ ਸਰਕਾਰ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਦੀ ਫੀਸ ਦਾ ਐਲਾਨ ਕੀਤਾ ਗਿਆ ਸੀ ਪਰ ਕੋਵਿਡ ਦੀਆਂ ਪਾਬੰਦੀਆਂ ਕਾਰਨ ਲਾਂਘਾ ਬੰਦ ਹੋ ਗਿਆ ਸੀ ਤੇ ਫੈਸਲਾ ਲਾਗੂ ਨਹੀਂ ਹੋ ਪਾਇਆ। ਉਨ੍ਹਾਂ ਨੇ ਕਿਹਾ ਕਿ ਪਵਿੱਤਰ ਅਸਥਾਨ ਦੇ ‘ਖੁੱਲ੍ਹੇ ਦਰਸ਼ਨ ਦੀਦਾਰੇ’ ਨੂੰ ਯਕੀਨੀ ਬਣਾਉਣ ਲਈ ਇਸ ਫੈਸਲੇ ਨੂੰ ਸਰਕਾਰ ਵੱਲੋਂ ਜਲਦ ਲਾਗੂ ਕੀਤਾ ਜਾਣਾ ਚਾਹੀਦਾ ਹੈ।












