ਚੀਨ ਦੀ ਦੂਜੀ ਸਭ ਤੋਂ ਵੱਡੀ ਰਿਐਲਟੀ ਕੰਪਨੀ ਐਵਰਗ੍ਰੇਂਡ ਨੂੰ ਵੀ ਡਿਫਾਲਟਰ ਐਲਾਨ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਭੁਗਤਾਨ ਨਾ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇਸ ਤੋਂ ਬਾਅਦ ਚੀਨ ਸਰਕਾਰ ਨੂੰ ਡਰ ਹੈ ਕਿ ਉਸ ਦੀਆਂ ਕਈ ਹੋਰ ਕੰਪਨੀਆਂ ਨੂੰ ਵੀ ਚਪੇਟ ‘ਚ ਆ ਸਕਦੀਆਂ ਹਨ। ਐਵਰਗ੍ਰੇਂਡ ਨੇ 3 ਦਸੰਬਰ ਨੂੰ ਇੱਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ ਸੀ ਕਿ ਇਹ ਆਪਣੀ ਪੁਨਰਗਠਨ ਯੋਜਨਾ ਦੇ ਹਿੱਸੇ ਵਜੋਂ ਆਫਸ਼ੋਰ ਕ੍ਰੈਡਿਟ ਪ੍ਰਦਾਤਾਵਾਂ ਨਾਲ ਸਰਗਰਮੀ ਨਾਲ ਸ਼ਾਮਲ ਹੋਵੇਗਾ।

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਡੈੱਡਲਾਈਨ ਨਿਕਲ ਜਾਣ ਤੋਂ ਬਾਅਦ ਵੀ ਐਵਰਗ੍ਰੇਂਡ ਨੇ ਕੁਝ ਅਮਰੀਕੀ ਡਾਲਰ ਬਾਂਡਾਂ ‘ਤੇ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਇਹ ਡਿਫਾਲਟ ਹੋ ਗਈ।ਕੰਪਨੀ ਨੇ ਨਕਦ ਜੁਟਾਉਣ ਲਈ ਜਾਇਦਾਦ ਵੇਚ ਦਿੱਤੀ ਹੈ। ਇਸਦੇ ਸੰਸਥਾਪਕਾਂ ਅਤੇ ਸ਼ੇਅਰਧਾਰਕਾਂ ਨੇ ਵੀ ਹਾਲ ਹੀ ਵਿੱਚ ਆਪਣੇ ਸ਼ੇਅਰਾਂ ਦਾ ਇੱਕ ਵੱਡਾ ਹਿੱਸਾ ਵੇਚਿਆ ਹੈ। ਇਸ ਸਭ ਨੇ ਕੁਝ ਲੈਣਦਾਰਾਂ ਨੂੰ ਉਮੀਦ ਦਿੱਤੀ ਕਿ ਐਵਰਗ੍ਰੇਂਡ ਸੋਮਵਾਰ ਨੂੰ ਆਪਣੇ ਬਕਾਏ ਦਾ ਭੁਗਤਾਨ ਕਰਨ ਦੀ ਤਿਆਰੀ ਕਰ ਰਹੀ ਸੀ।












