ਨਵੀਂ ਦਿੱਲੀ : – ਤਖ਼ਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਬਣਵਾਉਣ ਲਈ ਸਨ ਫ਼ਾਉਂਡੇਸ਼ਨ ਦੇ ਮੁਖੀ ਸ. ਵਿਕਰਮਜੀਤ ਸਿੰਘ ਸਾਹਨੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਅਥਾਹ ਯਤਨਾ ਸਦਕੇ ਇਹ ਸੰਗਤਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਗੁਰੂ ਤੇਗ ਬਹਾਦੁਰ ਜੀ ਦੇ ਪਵਿੱਤਰ ਅਸਥਾਨ ’ਤੇ ਇਸ ਤਰ੍ਹਾਂ ਦਾ ਅਲੌਕਿਕ ਸੈਂਟਰ ਬਣਨਾ ਚਾਹੀਦਾ ਹੈ ਅਤੇ ਅੱਜ ਇਹ ਬਣ ਕੇ ਪੂਰਾ ਹੋ ਗਿਆ ਹੈ ਜਿਸ ਦਾ ਕ੍ਰੈਡਿਟ ਵਿਕਰਮਜੀਤ ਸਿੰਘ ਸਾਹਨੀ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ. ਸਾਹਨੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਰਲਡ ਕਲਾਸ ਅਜਾਇਬ ਘਰ ਬਣਵਾਇਆ ਜਿਸ ਨੂੰ ਵੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪੁੱਜਦੀ ਹੈ ਜਿੱਥੇ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਵਿਰਸੇ ਦੀ ਜਾਣਕਾਰੀ ਮਿਲਦੀ ਹੈ। ਸ. ਹਿੱਤ ਨੇ ਦੱਸਿਆ ਕਿ ਸ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਤਖ਼ਤ ਪਟਨਾ ਸਾਹਿਬ ਵਿਖੇ 5 ਕਰੋੜ ਦੀ ਲਾਗਤ ਨਾਲ ਅਜਾਇਬਘਰ ਬਣਾਉਣ ਦੀ ਮੰਜੂਰੀ ਦੇ ਦਿੱਤੀ ਹੈ ਜਿਸ ਦਾ ਕੰਮ ਛੇਤੀ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸ. ਸਾਹਨੀ ਦੁਆਰਾ ਹਮੇਸ਼ਾ ਹੀ ਵੱਧ ਚੜ੍ਹ ਕੇ ਗੁਰੂ ਘਰ ਤੇ ਕੌਮ ਦੀ ਸੇਵਾ ਕੀਤੀ ਜਾਂਦੀ ਹੈ। ਇਸ ਸੈਂਟਰ ਦੇ ਖੁਲ੍ਹੱਣ ਨਾਲ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸੰਪੂਰਣ ਜਾਣਕਾਰੀ ਮਿਲੇਗੀ ਅਤੇ ਖਾਸ ਤੌਰ ’ਤੇ ਸਿੱਖ ਵਿਦਵਾਨ ਤੇ ਵਿਦਿਆਰਥੀ ਇੱਥੇ ਆ ਕੇ ਰਿਸਰਚ ਵੀ ਕਰ ਪਾਉਣਗੇ।
ਸ. ਹਿੱਤ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇਸ ਗੱਲ ਦਾ ਡਰ ਹੈ ਕਿ ਮੌਜੁਦਾ ਕਮੇਟੀ ਇਸ ਦੀ ਮਰਿਆਦਾ ਨੂੰ ਕਾਇਮ ਰੱਖਣ ਵਿਚ ਅਸਮਰਥ ਹੋਵੇਗੀ ਕਿਉਂਕਿ ਮੌਜੁਦਾ ਪ੍ਰਬੰਧਕਾਂ ਨੂੰ ਮਰਿਆਦਾ ਦੀ ਨਾ ਤਾ ਕੋਈ ਜਾਣਕਾਰੀ ਹੈ ਤੇ ਨਾ ਹੀ ਕੌਮ ਪ੍ਰਤੀ ਕੋਈ ਦਰਦ ਹੈ ਇਸ ਲਈ ਮਰਿਆਦਾ ਭੰਗ ਨਾ ਹੋਵੇ ਇਸ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੋਵੇਗੀ।
----------- Advertisement -----------
ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਦੀ ਸਥਾਪਨਾ ਲਈ ਵਿਕਰਮਜੀਤ ਸਿੰਘ ਸਾਹਨੀ ਵਧਾਈ ਦੇ ਹੱਕਦਾਰ: ਅਵਤਾਰ ਸਿੰਘ ਹਿੱਤ
Published on
----------- Advertisement -----------
----------- Advertisement -----------












