ਮੌਸਮ ਵਿਭਾਗ ਵੱਲੋਂ ਜਿਥੇ ਕੁੱਝ ਦਿਨ ਹੋਰ ਕੜਾਕੇ ਦੀ ਠੰਡ ਅਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਥੇ ਹੀ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਕਹਿਰ ਦੀ ਠੰਡ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਸਬੰਧ ’ਚ ਡਾਕਟਰ ਰਜਨੀ ਜਲੋਟਾ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਤਾਪਮਾਨ ’ਚ ਗਿਰਾਵਟ ਆਉਣ ਨਾਲ ਕੜਾਕੇ ਦੀ ਠੰਡ ਜਾਰੀ ਹੈ ਤੇ ਬਜ਼ੁਰਗ ਤੇ ਦਿਲ ਦੇ ਰੋਗੀਆਂ ਨੂੰ ਸਵੇਰ ਤੇ ਦੇਰ ਸ਼ਾਮ ਜ਼ਿਆਦਾ ਠੰਡ ਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਡਾਕਟਰ ਰਜਨੀ ਨੇ ਘਰਾਂ ਵਿਚ ਅੰਗੀਠੀ ਬਾਲ ਕੇ ਅੱਗ ਸੇਕਣ ਵਾਲਿਆਂ ਨੂੰ ਖ਼ਾਸ ਅਪੀਲ ਕਰਦੇ ਹੋਏ ਕਿਹਾ ਕਿ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ ਕਿਉਂਕਿ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਅੱਗ ਸੇਕਣ ਨਾਲ ਬੰਦ ਕਮਰੇ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸਥਮਾ ਤੇ ਸਾਹ ਦੇ ਮਰੀਜ਼ ਖ਼ੁਰਾਕ ’ਚ ਗਰਮ ਚੀਜ਼ਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖ਼ੁਰਾਕ ਦਾ ਸੇਵਨ ਕਰਨ। ਦਸ ਦਈਏ ਕਿ ਮੌਸਮ ਵਿਭਾਗ ਦੇ ਅਨੁਸਾਰ 19 ਜਨਵਰੀ ਤੋਂ 22 ਜਨਵਰੀ ਤੱਕ ਉੱਤਰ ਭਾਰਤ ਵਿੱਚ ਭਾਰੀ ਬਾਰਿਸ਼ ਰਹੇਗੀ।












