ਬਰਮਿੰਘਮ ਕਾਮਨਵੈਲਥ ਖੇਡਾਂ 2022 ਵਿੱਚ ਹਾਕੀ ਦੇ ਲੀਗ ਮੁਕਾਬਲਿਆਂ ਵਿੱਚ ਭਾਰਤ ਦੇ ਮੁੰਡੇ ਤੇ ਕੁੜੀਆਂ ਨੇ ਅੱਜ ਕੈਨੇਡਾ ਨੂੰ ਹਰਾ ਕੇ ਨਾਕ ਆਊਟ ਸਟੇਜ ਵੱਲ ਅੱਗੇ ਕਦਮ ਵਧਾਏ। ਮੁੰਡਿਆਂ ਦੀ ਟੀਮ ਨੇ ਕੈਨੇਡਾ ਨੂੰ 8-0 ਨਾਲ ਹਰਾ ਕੇ ਦੂਜੀ ਜਿੱਤ ਨਾਲ ਪੂਲ ਵਿੱਚ ਸਿਖਰ ਉਤੇ ਸਥਾਨ ਬਣਾਇਆ ਜਦੋਂਕਿ ਕੁੜੀਆਂ ਦੀ ਟੀਮ ਨੇ ਕੈਨੇਡਾ ਨੂੰ 3-2 ਨਾਲ ਹਰਾ ਕੇ ਤੀਜੀ ਜਿੱਤ ਨਾਲ ਸੈਮੀ ਫ਼ਾਈਨਲ ਵਿੱਚ ਦਾਖਲਾ ਪੱਕਾ ਕੀਤਾ।

ਮੁੰਡਿਆਂ ਦੇ ਮੈਚ ਵਿੱਚ ਭਾਰਤ ਨੇ ਕੈਨੇਡਾ ਨੂੰ ਇਕ ਪਾਸੜ ਮੁਕਾਬਲੇ ਵਿੱਚ ਹਰਾ ਕੇ ਇੰਗਲੈਂਡ ਖਿਲਾਫ ਡਰਾਅ ਮੈਚ ਦਾ ਉਲਾਂਭਾ ਲਾ ਦਿੱਤਾ। ਅੱਜ ਭਾਰਤੀ ਟੀਮ ਪੂਰੀ ਹਾਵੀ ਰਹੀ। ਹਰਮਨਪ੍ਰੀਤ ਸਿੰਘ ਤੇ ਅਕਾਸ਼ਦੀਪ ਨੇ ਦੋ-ਦੋ ਗੋਲ ਕੀਤੇ। ਹਰਮਨਪ੍ਰੀਤ ਦੀ ਡਰੈਗ ਫਲਿੱਕ ਦਾ ਜਾਦੂ ਚੱਲ ਰਿਹਾ ਹੈ ਅਤੇ ਉਸ ਨੇ ਹੁਣ ਤੱਕ ਕੁੱਲ 6 ਗੋਲ ਹੋ ਗਏ ਹਨ। ਅੱਜ ਗੁਰਜੰਟ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ ਤੇ ਅਮਿਤ ਰੋਹੀਦਾਸ ਨੇ ਇਕ-ਇਕ ਗੋਲ ਕੀਤਾ।
ਅੱਜ ਰੋਹੀਦਾਸ ਦਾ ਅੱਗੇ ਵੱਧ ਕੇ ਗੋਲ ਕਰਨਾ, ਮਨਦੀਪ ਦਾ ਡੀ ਟੌਪ ਤੋਂ ਤੇਜ ਤਰਾਰ ਰਿਵਰਸ ਫਲਿੱਕ ਨਾਲ ਗੋਲ ਕਰਨਾ ਅਤੇ ਗੁਰਜੰਟ ਦਾ ਸਲਾਈਡ ਲਗਾ ਕੇ ਟੱਚ ਨਾਲ ਗੋਲ ਕਰਨਾ ਦੇਖਣ ਵਾਲਾ ਸੀ। ਅਕਾਸ਼ਦੀਪ ਦੇ ਤਜਰਬੇ ਦਾ ਟੀਮ ਨੂੰ ਪੂਰਾ ਲਾਹਾ ਮਿਲਿਆ। ਗੋਲ਼ਚੀ ਕ੍ਰਿਸ਼ਨ ਪਾਠਕ ਚੀਨ ਦੀ ਦੀਵਾਰ ਬਣ ਕੇ ਡਟਿਆ। ਮੁੰਡਿਆਂ ਦੀ ਟੀਮ ਦੋ ਜਿੱਤ ਤੇ ਇਕ ਡਰਾਅ ਨਾਲ 7 ਅੰਕਾਂ ਨਾਲ ਇੰਗਲੈਂਡ ਦੇ ਬਰਾਬਰ ਚੱਲ ਰਹੀ ਹੈ ਪਰ ਗੋਲ ਅੰਤਰ ਨਾਲ ਭਾਰਤ ਅੱਗੇ ਚੱਲ ਰਿਹਾ ਹੈ। ਭਾਰਤ ਨੇ ਹੁਣ ਤੱਕ 23 ਗੋਲ ਕੀਤੇ ਹਨ ਤੇ 4 ਕਰਵਾਏ ਹਨ। ਭਾਰਤ ਦਾ ਅਗਲਾ ਤੇ ਆਖਰੀ ਲੀਗ ਮੈਚ ਵੇਲਜ਼ ਨਾਲ ਭਲਕੇ 4 ਅਗਸਤ ਨੂੰ ਹੈ।
ਕੁੜੀਆਂ ਦੀ ਟੀਮ ਨੇ ਕੈਨੇਡਾ ਨੂੰ 3-2 ਨਾਲ ਹਰਾ ਕੇ ਤੀਜੀ ਜਿੱਤ ਹਾਸਲ ਕੀਤੀ ਅਤੇ ਸੈਮੀ ਫ਼ਾਈਨਲ ਦੀ ਟਿਕਟ ਕਟਾਈ। ਭਾਰਤ ਨੇ ਪੂਲ ਦੇ ਸਾਰੇ ਮੈਚ ਖੇਡ ਲਏ ਅਤੇ ਇੰਗਲੈਂਡ ਨਾਲ 9-9 ਅੰਕ ਨਾਲ ਬਰਾਬਰ ਹੈ ਪਰ ਇੰਗਲੈਂਡ ਜਿੱਥੇ ਗੋਲ ਔਸਤ ਨਾਲ ਅੱਗੇ ਹੈ ਉੱਥੇ ਉਸ ਨੇ ਆਖ਼ਰੀ ਮੈਚ ਵੇਲਜ਼ ਨਾਲ ਖੇਡਣਾ ਹੈ। ਭਾਰਤ ਵੱਲੋਂ ਅੱਜ ਨਵਨੀਤ ਕੌਰ, ਸਲਿਮਾ ਟੇਟੇ ਤੇ ਲਲਰੇਮਸਿਆਮੀ ਨੇ ਗੋਲ ਕੀਤੇ।












