ਚੰਡੀਗੜ੍ਹ, 10 ਜੂਨ : – ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਲੈ ਕੇ ਮੋਦੀ ਸਰਕਾਰ ਦੀ ਕੇਂਦਰੀਕਰਨ ਨੀਤੀ ਵਿਰੁੱਧ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਰਾਜ ਦੇ ਕਾਨੂੰਨ ਨੂੰ ਖੋਹ ਕੇ ਸਾਡੀਆਂ ਯੂਨੀਵਰਸਿਟੀਆਂ ਦਾ ਕੇਂਦਰੀਕਰਨ ਨਹੀਂ ਕਰ ਸਕਦੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕੇਂਦਰੀਕਰਨ ਵਿਰੁੱਧ ਲੜ੍ਹ ਰਹੀਆਂ ਵਿਦਿਆਰਥੀ ਯੂਨੀਅਨਾਂ ਦੇ ਹੱਕ ਵਿੱਚ ਡਟੀ ਕੇਂਦਰੀ ਸਿੰਘ ਸਭਾ ਪੰਜਾਬ ਸਰਕਾਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਵਿਰਾਸਤੀ ਯੂਨੀਵਰਸਿਟੀ ਨੂੰ ਕੇਂਦਰ ਕੋਲ ਜਾਣ ਤੋਂ ਰੋਕਣ ਲਈ ਮੈਦਾਨ ਵਿੱਚ ਨਿੱਤਰਣ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਅਤੇ ਨਿੱਜੀਕਰਨ ਬਿਲਕੁਲ ਨਹੀਂ ਹੋਣ ਦੇਣਗੇ। ਵਿਦਿਆਰਥੀ ਜਥੇਬੰਦੀਆਂ ਦੀ ਮੰਗ ਹੈ ਕਿ ਇਸ ਯੂਨੀਵਰਸਿਟੀ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ। ਵਿਦਿਆਰਥੀਆਂ ਦੇ ਰੋਸ ਮਾਰਚ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ, ਵਿਦਿਆਰਥਣਾਂ ਦੀ ਖਿਚ-ਧੂਹ ਜਿਹੜਾ ਬਸਤੀਵਾਦੀ ਸਭਿਆਚਾਰ ਦਾ ਪ੍ਰਤੀਕ ਹੈ ਦੀ ਕੇਂਦਰੀ ਸਿੰਘ ਸਭਾ ਸਖਤ ਨਿਖੇਧੀ ਕਰਦੀ ਹੈ।
ਚੰਡੀਗੜ੍ਹ ਰਾਜਧਾਨੀ ਦੀ ਤਰਜ਼ ਉੱਤੇ ਯੂਨੀਵਰਸਿਟੀ ਦਾ ਖੋਹ ਲੈਣਾ, ਪੰਜਾਬ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ ਮਾਰਨਾ ਹੈ। ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਜਿੰਨ੍ਹਾਂ ਨੇ ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਦੇਸ਼ ਦੇ ਫੈਂਡਰਲ ਢਾਂਚੇ ਦੀ ਵਕਾਲਤ ਕਰਨ ਵਾਲੇ ਅਨੰਦਪੁਰ ਸਾਹਿਬ ਮਤੇ ਨੂੰ ਲਾਗੂ ਕਰਨ ਲਈ ਜਦੋਂ ਜਹਿਦ ਕੀਤੀ ਸੀ, ਉਹਨਾਂ ਦੇ ਆਗੂਆਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ, ਯੂਨੀਵਰਸਿਟੀ ਬਚਾਉਣ ਲਈ ਲਾਮਬੰਦ ਹੋਣ।
ਯੂਨੀਵਰਸਿਟੀ ਦਾ ਕੇਂਦਰੀਕਰਨ ਏਜੰਡਾ ਮੋਦੀ ਸਰਕਾਰ ਵੱਲੋਂ ਲਿਆਂਦੀ ਨਵੀਂ ਸਿਖਿਆ ਨੀਤੀ ਅਧੀਨ, ਵਿਦਿਆਂ ਨੂੰ ਨਿੱਜੀਕਰਨ ਦੇ ਪ੍ਰਾਜੈਕਟ ਦਾ ਹਿੱਸਾ ਹੀ ਹੈ। ਜਿਹੜੇ ਯੂਨੀਵਰਸਿਟੀ ਦੇ ਅਧਿਆਪਕ, ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਹੱਕ ਵਿੱਚ ਖੜ੍ਹੇ ਹਨ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਉਹ ਨਿੱਜੀਕਰਨ ਪ੍ਰਕਿਰਿਆ ਨੂੰ ਬਲ ਦੇ ਰਹੇ ਹਨ ਅਤੇ ਨਿੱਜੀਕਰਨ ਦਾ ਵਰਤਾਰਾ ਉਹਨਾਂ ਦੀਆਂ ਨੌਕਰੀਆਂ ਨੂੰ ਹੌਲੀ ਹੌਲੀ ਹੜ੍ਹਪ ਕਰ ਜਾਵੇਗੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਅਸੈਂਬਲੀ ਵਿੱਚ ਕਾਨੂੰਨ ਪਾਸ ਕਰਕੇ, ਯੂਨੀਵਰਸਿਟੀਆਂ ਵਿੱਚ ਰਾਜਪਾਲ ਰਾਹੀਂ ਕੇਂਦਰ ਦੀ ਦਖਲ ਅੰਦਾਜ਼ੀ ਨੂੰ ਬੰਦ ਕਰਨ ਦੀ ਪ੍ਰਸੰਸਾਯੋਗ ਕਾਰਵਾਈ ਤੋਂ ਸਬਕ ਲੈਣਾ ਚਾਹੀਦਾ ਹੈ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਚੇਤਨ ਸਿੰਘ (ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ), ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ, ਸਵਰਨ ਸਿੰਘ (ਆਈ.ਏ.ਐੱਸ)।
----------- Advertisement -----------
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਲੜ੍ਹ ਰਹੀਆਂ ਵਿਦਿਆਰਥੀ ਜਥੇਬੰਦੀ ਦੇ ਹੱਕ ਵਿੱਚ ਲਾਮਬੰਦ ਹੋਵੋ: ਕੇਂਦਰੀ ਸਿੰਘ ਸਭਾ
Published on
----------- Advertisement -----------
----------- Advertisement -----------




