ਅਤਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਬੇਸਹਾਰਾ ਪਸ਼ੂਆਂ ਦੀ ਬਿਹਤਰ ਸਾਂਭ ਸੰਭਾਲ ਕਰਨ ਦੀਆਂ ਦਿੱਤੀਆਂ ਹਦਾਇਤਾਂ
ਮੇਅਰ ਨੇ ਕੁੱਤਿਆਂ ਦੀ ਨਸਬੰਦੀ ਆਪ੍ਰੇਸ਼ਨ ਵਾਲੀ ਥਾਂ ਦਾ ਵੀ ਕੀਤਾ ਦੌਰਾ
ਦਿੱਲੀ ਤੋਂ ਆਈ ਟੀਮ ਨੇ ਜਗ੍ਹਾ ਕੀਤੀ ਅਪਰੂਵ : ਛੇਤੀ ਸ਼ੁਰੂ ਹੋ ਜਾਣਗੇ ਕੁੱਤਿਆਂ ਦੇ ਨਸਬੰਦੀ ਆਪ੍ਰੇਸ਼ਨ : ਮੇਅਰ ਜੀਤੀ ਸਿੱਧੂ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣੀ ਸਮੁੱਚੀ ਟੀਮ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਮੋਹਾਲੀ ਦੀ ਗਊਸ਼ਾਲਾ ਦਾ ਦੌਰਾ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਮੇਅਰ ਨੇ ਇੱਥੇ ਰੱਖੇ ਹੋਏ ਪਸ਼ੂਆਂ ਦੀ ਸਾਂਭ ਸੰਭਾਲ ਦੀ ਜਾਣਕਾਰੀ ਕਰਮਚਾਰੀਆਂ ਤੋਂ ਲਈ ਅਤੇ ਰਜਿਸਟਰਾਂ ਦੀ ਜਾਂਚ ਵੀ ਕੀਤੀ ਕਿ ਡੰਗਰਾਂ ਦੀ ਗਿਣਤੀ ਵੀ ਚੈੱਕ ਕੀਤੀ। ਮੇਅਰ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਗਊਸ਼ਾਲਾ ਵਿਚ ਰੱਖੇ ਗਏ ਪਸ਼ੂਆਂ ਵਾਸਤੇ ਪਾਣੀ ਦੀ ਪੂਰੀ ਸਪਲਾਈ ਰੱਖੀ ਜਾਵੇ ਅਤੇ ਇਨ੍ਹਾਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਗਰਮੀ ਸਮੇਂ ਤੋਂ ਪਹਿਲਾਂ ਪੈਣ ਲੱਗ ਪਈ ਹੈ ਅਤੇ ਜ਼ਿਆਦਾ ਗਰਮੀ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਇਸ ਲਈ ਜਾਨਵਰਾਂ ਦੀ ਸਾਂਭ ਸੰਭਾਲ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ ਗਊਸ਼ਾਲਾ ਵਿਚ ਲੋੜ ਤੋਂ ਵੱਧ ਪਸ਼ੂ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਪਸ਼ੂਆਂ ਦੀ ਗਿਣਤੀ ਵਧਦੀ ਹੈ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫੌਰੀ ਤੌਰ ਤੇ ਸੂਚਿਤ ਕੀਤਾ ਜਾਵੇ ਤਾਂ ਜੋ ਵਾਧੂ ਪਸ਼ੂਆਂ ਨੂੰ ਬਲੌਂਗੀ ਵਿਖੇ ਬਣਾਈ ਗਈ ਨਵੀਂ ਗਊਸ਼ਾਲਾ ਵਿਚ ਸ਼ਿਫਟ ਕੀਤਾ ਜਾ ਸਕੇ।
ਇਸੇ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਊਸ਼ਾਲਾ ਦੇ ਨਾਲ ਹੀ ਬਣੇ ਕੁੱਤਿਆਂ ਦੀ ਨਸਬੰਦੀ ਵਾਲੀ ਥਾਂ ਦਾ ਵੀ ਦੌਰਾ ਕੀਤਾ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਦਿੱਲੀ ਤੋਂ ਐਨੀਮਲ ਵੈੱਲਫੇਅਰ ਬੋਰਡ ਦੀ ਟੀਮ ਇੱਥੇ ਜਾਂਚ ਕਰਕੇ ਗਈ ਹੈ ਅਤੇ ਇਹ ਜਗ੍ਹਾ ਕੁੱਤਿਆਂ ਦੀ ਨਸਬੰਦੀ ਦੇ ਅਪਰੇਸ਼ਨ ਕਰਨ ਲਈ ਟੀਮ ਨੇ ਅਪਰੂਵ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਨਸਬੰਦੀ ਦਾ ਠੇਕਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਮੁਹਾਲੀ ਵਿੱਚ ਕੁੱਤਿਆਂ ਦੀ ਨਸਬੰਦੀ ਦਾ ਕੰਮ ਆਰੰਭ ਹੋ ਜਾਵੇਗਾ।












