ਪੰਜਾਬ ਚ ਵਿਆਹ ਸ਼ਾਦੀ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ ਅਜਿਹੇ ਵਿੱਚ ਇਕੱਠ ਹੋਣਾ ਸੁਭਾਵਿਕ ਹੈ । ਵਿਆਹ ਸ਼ਾਦੀਆਂ ਵਿੱਚ ਅਲੱਗ ਅਲੱਗ ਦੇਸ਼ਾ ਤੋਂ ਆਏ NRI’s ਨਾਲ ਕੋਵਿਡ ਦਾ ਖਤਰਾ ਹੋਰ ਵੱਧ ਜਾਂਦਾ ਹੈ । ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਨੂੰ ਲੈ ਕੇ ਹਾਈ ਰਿਸਕ ਦੀ ਚਿਤਾਵਨੀ ਜਾਰੀ ਕੀਤੀ ਹੋਈ ਹੈ। ਡਬਲਯੂ.ਐਚ.ਓ. ਦਾ ਕਹਿਣਾ ਹੈ ਓਮੀਕ੍ਰੋਨ ਤੋਂ ਬਹੁਤ ਜ਼ਿਆਦਾ ਖਤਰਾ ਹੈ। ਇਸ ਦੇ ਦੁਨੀਆ ਭਰ ਵਿਚ ਫ਼ੈਲਣ ਦਾ ਸ਼ੱਕ ਹੈ। ਪੰਜਾਬ ਸਿਹਤ ਮੰਤਰਾਲੇ ਵੱਲੋ ਵੀ ਇਸ ਲਈ ਢੁਕਵੇਂ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਕੋਵਿਡ ਟੈਸਟਿੰਗ ਵੀ ਪਹਿਲਾਂ ਨਾਲੋਂ ਕੇ ਢਾਈ ਗੁਣਾ ਕਰ ਦਿੱਤੀ ਗਈ ਹੈ।
ਸਿਹਤ ਮੰਤਰੀ ਡਿਪਟੀ ਸੀਐਮ ਓਪੀ ਸੋਨੀ ਨੇ ਕਿਹਾ ਕਿ ਅਸੀਂ ਕੋਵਿਡ ਦੀ ਤੀਜੀ ਸੰਭਾਵਿਤ ਲਹਿਰ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਰਹੇ ਹਾਂ। ਲੋੜੀਂਦੀਆਂ ਦਵਾਈਆਂ ਅਤੇ ਉਪਕਰਨਾਂ ਦੀ ਖਰੀਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਵਿੱਚ ਰੋਜ਼ਾਨਾ 16 ਤੋਂ 17 ਹਜ਼ਾਰ ਟੈਸਟ ਨਿਯਮਤ ਤੌਰ ‘ਤੇ ਕੀਤੇ ਜਾ ਰਹੇ ਸਨ। ਹੁਣ ਇਨ੍ਹਾਂ ਨੂੰ ਵਧਾ ਕੇ 40 ਹਜ਼ਾਰ ਕੀਤਾ ਜਾ ਰਿਹਾ ਹੈ।
ਪੰਜਾਬ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਵਿਦੇਸ਼ ਤੋਂ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ 7 ਦਿਨਾਂ ਲਈ ਲਾਜ਼ਮੀ ਸੰਸਥਾਗਤ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਭਾਵੇਂ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਹੋਵੇ। 8ਵੇਂ ਦਿਨ ਦੁਬਾਰਾ ਕੋਵਿਡ ਟੈਸਟ ਹੋਵੇਗਾ। ਜੇਕਰ ਫਿਰ ਵੀ ਨੈਗੇਟਿਵ ਆਉਂਦਾ ਹੈ ਤਾਂ ਉਸ ਨੂੰ ਘਰ ਭੇਜ ਦਿੱਤਾ ਜਾਵੇਗਾ ਪਰ ਉਸ ਨੂੰ 7 ਦਿਨਾਂ ਲਈ ਘਰ ‘ਚ ਅਲੱਗ ਰਹਿਣਾ ਪਵੇਗਾ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ ਵਿਭਾਗ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਯੂ. ਕੇ., ਸਿੰਗਾਪੁਰ, ਦੱਖਣੀ ਅਫਰੀਕਾ, ਚਾਇਨਾ, ਮਲੇਸ਼ੀਆ, ਬ੍ਰਾਜੀਲ ਸਮੇਤ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ’ਤੇ ਵਿਭਾਗ ਦੀ ਖ਼ਾਸ ਨਜ਼ਰ ਰਹੇਗੀ। ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ’ਤੇ ਮੁਸਾਫ਼ਰਾਂ ਦੇ ਮੌਕੇ ’ਤੇ ਆਰ. ਟੀ ਪੀ. ਸੀ. ਆਰ. ਟੈਸਟ ਕਰਵਾਏ ਜਾਣਗੇ।