ਚੰਡੀਗੜ੍ਹ 03 ਜਨਵਰੀ 2022: ਰਾਸ਼ਟਰ ਦੇ ਸਰਵਪੱਖੀ ਵਿਕਾਸ ਲਈ ਨਿੱਜੀ ਖੇਤਰ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਵਿਗਿਆਨ ਦੇ ਖੇਤਰਾਂ ਨੂੰ ਵਿਸ਼ਵਪੱਧਰੀ ਬਣਾਉਣ ਲਈ ਸਰਗਰਮ ਅਤੇ ਲੰਬੀ ਮਿਆਦ ਵਾਲੀ ਜਨਤਕ ਅਤੇ ਨਿੱਜੀ ਭਾਈਵਾਲੀ ਬਹੁਤ ਮਹੱਤਵਪੂਰਨ ਹੈ ਤਾਂ ਜੋ ਭਾਰਤ ਦੁਨੀਆਂ ਭਰ ‘ਚ ਭਾਰਤ ਨੂੰ ਗਿਆਨ ਭਰਪੂਰ ਆਰਥਿਕਤਾ ਬਣਾਇਆ ਜਾ ਸਕੇ। ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਉੱਤਰ ਭਾਰਤ ‘ਚ ਪਹਿਲੀ ਵਾਰ ਸਥਾਪਿਤ ਹੋਏ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਦੇਸ਼ ਦੇ ਸੈਨਿਕਾਂ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦੇਸ਼ ਦੇ ਜਾਬਾਜ਼ ਫ਼ੌਜੀਆਂ ਦੇ ਬੱਚਿਆਂ ਲਈ 10 ਕਰੋੜ ਦੀ ਵਿਸ਼ੇਸ਼ ਵਜ਼ੀਫ਼ਾ ਸਕੀਮ ਦਾ ਉਦਘਾਟਨ ਕੇਂਦਰੀ ਰੱਖਿਆ ਮੰਤਰੀ ਵੱਲੋਂ ਕੀਤਾ ਗਿਆ।
ਰਾਜਨਾਥ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਕੀਤੇ ਗਏ ਪੁਲਾੜ ਖੋਜ ਕੇਂਦਰ ਦਾ ਉਦੇਸ਼ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਅਤੇ ਉਪਗ੍ਰਹਿ ਨਿਰਮਾਣ ਵਿੱਚ ਸਿਖਲਾਈ ਦੇਣਾ ਹੈ। ਇਹ ਪੁਲਾੜ ਕੇਂਦਰ ਅਗਲੇ 6 ਮਹੀਨਿਆਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਬਹੁਮੰਤਵੀ ਅਧਾਰਤ ਨੈਨੋ-ਸੈਟੇਲਾਈਟ ਨੂੰ ਵਿਕਸਤ ਕਰਨ ਅਤੇ ਡਿਜ਼ਾਈਨ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ, ਜਿਸ ਨੂੰ ਇਸਰੋ ਦੁਆਰਾ ਸਾਲ 2022 ਵਿੱਚ ਲਾਂਚ ਕੀਤਾ ਜਾਵੇਗਾ।ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟ ਸੈਟੇਲਾਈਟ ਦੇ ਲਾਂਚ ਹੋਣ ਨਾਲ, ਪੰਜਾਬ ਪੁਲਾੜ ਵਿੱਚ ਆਪਣਾ ਸੈਟੇਲਾਈਟ ਸਥਾਪਿਤ ਕਰਨ ਵਾਲਾ ਭਾਰਤ ਦਾ ਪਹਿਲਾ ਸਰਹੱਦੀ ਸੂਬਾ ਬਣ ਜਾਵੇਗਾ। ਉਦਘਾਟਨੀ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਪ੍ਰੋ. ਹਿਮਾਨੀ ਸੂਦ ਅਤੇ ਚੰਡੀਗੜ੍ਹ ਗਰੁੱਪ ਆਫ਼ ਕਾਲਿਜਜ਼ ਦੇ ਪ੍ਰੈਜੀਡੈਂਟ ਸ਼੍ਰੀ ਰਛਪਾਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਵਿਸ਼ਵ ਦੀਆਂ ਚੋਟੀ ਦੀਆਂ ਬਹੁਰਾਸ਼ਟਰੀ ਕੰਪਨੀਆਂ ਵਿੱਚ ਪਲੇਸਮੈਂਟ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸ਼੍ਰੀ ਰਾਜਨਾਥ ਸਿੰਘ ਵੱਲੋਂ ਆਫ਼ਰ ਲੈਟਰ ਵੀ ਪ੍ਰਦਾਨ ਕੀਤੇ ਗਏ।
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਕਲਪਨਾ ਚਾਵਲਾ ਰਿਸਰਚ ਸੈਂਟਰ ਦੀ ਸ਼ਾਲਾਘਾ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਹੀ ਭਾਰਤ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਮੋਹਰੀ ਦੇਸ਼ ਬਣਕੇ ਉਭਰ ਸਕਦਾ ਹੈ।ਖੋਜ ਕੇਂਦ ਦੀ ਤੁਲਨਾ ਭਾਰਤ ਦੇ ਮਾਣ ਕਲਪਨਾ ਚਾਵਲਾ ਨਾਲ ਕਰਦੇ ਹੋਏ, ਰੱਖਿਆ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਖੋਜ ਸਹੂਲਤ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਲਵੇਗੀ, ਜਿਵੇਂ ਭਾਰਤ ਦੇ ਮਰਹੂਮ ਪੁਲਾੜ ਯਾਤਰੀਆਂ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਆਪਣੇ ਮੂਲ ਦੇਸ਼ ਨੂੰ ਵਿਸ਼ਵਵਿਆਪੀ ਮਾਨਤਾ ਪ੍ਰਦਾਨ ਕਰਵਾਈ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਪਿਛਲੇ ਕੁਝ ਸਾਲਾਂ ਵਿੱਚ ਖੋਜ਼ ਅਤੇ ਨਵੀਨਤਾ, ਪਲੇਸਮੈਂਟ ਅਤੇ ਵਿਸ਼ਵਵਿਆਪੀ ਰੈਂਕਿੰਗਾਂ ਵਿੱਚ ਵੱਡੀਆਂ ਪ੍ਰਾਪਤੀਆਂ ਦਰਜ ਕਰਵਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਲਾਘਾ ਕੀਤੀ। ਉਨ੍ਹਾਂ ‘ਵਰਸਿਟੀਆਂ ਦੀਆਂ ਪ੍ਰਾਪਤੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਿੱਜੀ ਖੇਤਰ ਦੀ ਵੱਧ ਰਹੀ ਗੁਣਵੱਤਾਪੂਰਨ ਸ਼ਮੂਲੀਅਤ ਦਾ ਪ੍ਰਤੀਕ ਦੱਸਿਆ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਉਪਰੋਕਤ ਸਾਰੀਆਂ ਪ੍ਰਾਪਤੀਆਂ ਸਾਡੇ ਦੇਸ਼ ਦੇ ਸਿੱਖਿਆ ਖੇਤਰ ਵਿੱਚ ਨਿੱਜੀ ਖੇਤਰ ਦੀ ਵੱਧਦੀ ਮਹੱਤਤਾ ਦੀਆਂ ਉਦਾਹਰਣਾ ਹਨ।ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਸਿੱਖਿਆ ਅਤੇ ਵਿਗਿਆਨ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣਾ ਹੈ ਤਾਂ ਦੇਸ਼ ਦੇ ਜਨਤਕ ਅਤੇ ਨਿੱਜੀ ਖੇਤਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਇਸ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ।

ਉਨ੍ਹਾਂ ਕਿਹਾ ਕਿ ਸਪੇਸ ਤਕਨਾਲੋਜੀ ਰਾਸ਼ਟਰੀ ਵਿਕਾਸ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ ਤੱਕ ਸਾਡੇ ਜੀਵਨ ਨਾਲ ਡੂੰਘਾਈ ਨਾਲ ਜੁੜਿਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਪੇਸ ਦੀ ਸਮਰੱਥਾ ਨੂੰ ਸਮਝਦੀ ਹੈ।ਇਸ ਨੂੰ ਨਵੀਆਂ ਉਚਾਈਆਂ ‘ਤੇ ਲਿਜਾਦ ਅਤੇ ਦੇਸ਼ ਦੀ ਤਰੱਕੀ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹੈ।ਦੇਸ਼ ਦੀ ਮਰਹੂਮ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਯਾਦ ਕਰਦਿਆਂ ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਦੱਸਿਆ।ਚੰਡੀਗੜ੍ਹ ਯੂਨੀਵਰਸਿਟੀ ਦੇ ਮੰਚ ਤੋਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦਿਆਂ ਬੇਅੰਤ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰਨ, ਜੋ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵਿਦਿਅਕ ਸੰਸਥਾ ਦਾ ਆਪਣਾ ਪੁਲਾੜ ਖੋਜ਼ ਕੇਂਦਰ ਅਤੇ ਸੈਟੇਲਾਈਟ ਹੋਣਾ ਆਸਾਧਾਰਨ ਕਦਮ ਹੈ।ਖੋਜ ਕੇਂਦਰ ਦੀ ਸਥਾਪਨਾ ਨੂੰ ਨਿਵੇਕਲਾ ਕਾਰਜ ਦੱਸਦਿਆਂ ਉਨ੍ਹਾਂ ਕਿਹਾ ਉਮੀਦ ਜਾਹਿਰ ਕੀਤੀ ਕਿ ਆਰੀਆਭੱਟ, ਵਿਕਰਮ ਸਾਰਾਭਾਈ, ਸਤੀਸ਼ ਧਵਨ ਅਤੇ ਕਲਪਨਾ ਚਾਵਲਾ ਵਰਗੇ ਹਰ ਭਾਰਤੀ ਤੁਹਾਡੇ ਵਿੱਚੋਂ ਉਭਰ ਦੇ ਸਾਹਮਣੇ ਆਉਣਗੇ, ਜੇਕਰ ਤੁਸੀਂ ਜਨੂੰਨ ਅਤੇ ਮਿਹਨਤ ਨਾਲ ਗ੍ਰਹਿਆਂ ਅਤੇ ਤਾਰਾਮੰਡਲਾਂ ਨੂੰ ਵੇਖਦੇ ਹੋ।
ਇਸ ਮੌਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡਾ ਮੁੱਢਲਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ, ਨਵੀਨਤਾਕਾਰੀ ਅਤੇ ਹੁਨਰਮੰਦ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਭਵਿੱਖ ਦੇ ਦ੍ਰਿਸ਼ਟੀਕੋਣ ਅਨੁਸਾਰ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਗ੍ਰਹਿਣ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇਬਾਜ਼ ਬਣ ਸਕਣ।ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਨੌਜਵਾਨ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ਸੀਯੂ ਸੈਟੇਲਾਈਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਪ੍ਰੈਕਟੀਕਲ ਤਕਨੀਕੀ ਸਿਖਲਾਈ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 3.5 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਪੁਲਾੜ ਕੇਂਦਰ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਸਰਬੀਆ, ਬ੍ਰਾਜ਼ੀਲ, ਮਿਸਰ, ਕੋਲੰਬੀਆ, ਤੁਰਕੀ ਸਮੇਤ 57 ਦੇਸ਼ਾਂ ਵਿੱਚ ਸੈਟੇਲਾਈਟ ਖੋਜ ਸਹੂਲਤਾਂ ਵਿਕਸਤ ਕਰਨ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਸੈਟੇਲਾਈਟ ਡਿਜ਼ਾਈਨ ਲਈ ਸਿਖਲਾਈ ਦੇਣ ਵਿੱਚ ਮਦਦ ਕਰੇਗੀ।ਸ. ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਵਿੱਚ ਸਥਾਪਿਤ ਪੁਲਾੜ ਖੋਜ ਕੇਂਦਰ ਸੈਟੇਲਾਈਟ ਲਈ ਇੱਕ ਗਰਾਊਂਡ ਕੰਟਰੋਲ ਸਟੇਸ਼ਨ ਵਜੋਂ ਕੰਮ ਕਰੇਗਾ ਅਤੇ 28 ਦੇਸ਼ਾਂ ਨਾਲ ਸੰਚਾਰ ਕਾਇਮ ਕਰੇਗਾ ਜੋ ਸੈਟੇਲਾਈਟ ਨੈੱਟਵਰਕ ਓਪਨ ਗਰਾਊਂਡ ਸਟੇਸ਼ਨ ਦਾ ਹਿੱਸਾ ਹਨ।












