ਅੱਜ 25 ਦਸੰਬਰ ਨੂੰ ਸਾਰੀ ਦੁਨੀਆ ਵਿੱਚ ਕ੍ਰਿਸਮਸ ਦਾ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਦਿਨ ਤੇ ਪਦਮ ਸ਼੍ਰੀ ਐਵਾਰਡੀ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਸੈਂਟਾ ਕਲਾਜ਼ ਦੀ ਵਿਸ਼ਾਲ ਕਲਾਕਾਰੀ ਤਿਆਰ ਕੀਤੀ ਹੈ। ਦਸ ਦਈਏ ਕਿ ਬੇਹੱਦ ਖੂਬਸੂਰਤ ਸੈਂਟਾ ਕਲਾਜ਼ ਨੂੰ ਬਣਾਉਣ ਵਿੱਚ ਕਰੀਬ 5,400 ਲਾਲ ਗੁਲਾਬ ਦੇ ਫੁੱਲਾਂ ਦਾ ਇਸਤੇਮਾਲ ਕੀਤਾ ਗਿਆ ਹੈ ਇਹ ਸੁੰਦਰ ਰੇਤ ਕਲਾ ਦਾ ਕੰਮ 50 ਫੁੱਟ ਲੰਬਾ ਅਤੇ 28 ਫੁੱਟ ਚੌੜਾ ਹੈ। ਇਸ ਨੂੰ ਬਣਾਉਣ ‘ਚ ਅੱਠ ਘੰਟੇ ਲੱਗ ਗਏ, ਜਦਕਿ ਇਸ ਦੀ ਤਿਆਰੀ ਦੋ ਦਿਨਾਂ ਤੋਂ ਚੱਲ ਰਹੀ ਸੀ।

ਸੁਦਰਸ਼ਨ ਪਟਨਾਇਕ ਨੇ ਪੂਰੀ ਬੀਚ ‘ਤੇ ਤਿਆਰ ਕੀਤੀ ਇਸ ਆਕ੍ਰਿਤੀ ਉੱਪਰ ਸੰਦੇਸ਼ ਦਿੰਦਿਆਂ ਲਿਖਿਆ ਕਿ “ਮੇਰੀ ਕ੍ਰਿਸਮਸ, ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੇ ਨਾਲ ਕ੍ਰਿਸਮਸ ਦਾ ਆਨੰਦ ਲਓ।”

ਪਦਮ ਸ਼੍ਰੀ ਐਵਾਰਡੀ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ-19 ਦੀ ਤੀਜੀ ਲਹਿਰ ਲਗਭਗ ਪੂਰੀ ਦੁਨੀਆ ਵਿਚ ਸ਼ੁਰੂ ਹੋ ਚੁੱਕੀ ਹੈ, ਅਜਿਹੇ ਵਿਚ ਮੈਂ ਸੈਂਟਾ ਦੀ ਅਜਿਹੀ ਮੂਰਤੀ ਬਣਾਈ ਹੈ ਜੋ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਸੁਨੇਹਾ ਫੈਲਾ ਰਹੀ ਹੈ। ਮੈਨੂੰ ਉਮੀਦ ਹੈ ਕਿ ਇਹ ਕਲਾਕਾਰੀ ਜ਼ਰੂਰ ਰਿਕਾਰਡ ਬੁੱਕ ਵਿਚ ਦਾਖਲ ਹੋਵੇਗੀ।

ਕੋਵਿਡ ‘ਤੇ ਸੁਦਰਸ਼ਨ ਪਟਨਾਇਕ ਦੀਆਂ ਕਲਾਕ੍ਰਿਤੀਆਂ ਦੀ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਸ਼ਲਾਘਾ ਕੀਤੀ।












