ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਅਫ਼ਸਰ ਐੱਸ.ਕੇ. ਅਸਥਾਨਾ ਜੋ ਕਿ ਕੁਝ ਦਿਨ ਪਹਿਲਾਂ ਮੈਡੀਕਲ ਛੁੱਟੀ ‘ਤੇ ਚਲੇ ਗਏ ਸਨ, ਉਹ ਬੀਤੀ ਅੱਧੀ ਰਾਤ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਦਾਖ਼ਲ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਕਈ ਬੰਦ ਪਏ ਮਾਮਲਿਆਂ ਨੂੰ ਦੁਬਾਰਾ ਚੁੱਕਣ ਅਤੇ ਮੁਕੱਦਮੇ ਦਰਜ ਕਰਨ ਦਾ ਕਾਫੀ ਦਬਾਅ ਪਿਆ ਹੋਇਆ ਸੀ ਅਤੇ ਉਨ੍ਹਾਂ ਦੇ ਮੈਡੀਕਲ ਛੁੱਟੀ ‘ਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਗਿਆ ਹੈ। ਇਸ ਸੰਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੀ ਮੀਡੀਆ ਰਾਹੀਂ ਪੰਜਾਬ ਸਰਕਾਰ ‘ਤੇ ਦੋਸ਼ ਲਾ ਚੁੱਕੇ ਹਨ ਕਿ ਉਨ੍ਹਾਂ ਵਿਰੁੱਧ ਪੰਜਾਬ ਸਰਕਾਰ ਝੂਠੇ ਮੁਕੱਦਮੇ ਦਰਜ ਕਰਵਾਉਣਾ ਚਾਹੁੰਦੀ ਹੈ।
ਦਸਦੇਈਏ ਕਿ ਕੁੱਝ ਦਿਨ ਪਹਿਲਾਂ SK ਅਸਥਾਨਾ ਵੱਲੋਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਤੋਂ ਐਮਰਜੈਂਸੀ ਮੈਡੀਕਲ ਛੁੱਟੀ ਮੰਗੀ ਗਈ ਸੀ । ਅਸਥਾਨਾ ਨੇ ਆਪਣੀ ਸਿਹਤ ਨਾਸਾਜ਼ ਹੋਣ ਦਾ ਹਵਾਲਾ ਦਿੱਤਾ ‘ਤੇ ਪੱਤਰ ਜਾਰੀ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਦਿਲ ‘ਚ ਤਕਲੀਫ਼ ਹੋਣ ਕਾਰਨ ਡਾਕਟਰ ਵੱਲੋਂ ਆਰਾਮ ਕਰਨ ਦੀ ਹਦਾਇਤ ਦਿੱਤੀ ਗਈ ਹੈ ।