ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਨੂੰ ਗੋਆ ‘ਚ ਔਰਤਾਂ ਦੇ ਖਾਤੇ ਵਿੱਚ ਪੰਜ ਹਜ਼ਾਰ ਰੁਪਏ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ ਹੈ।ਪਾਰਟੀ ਨੇ ਕਿਹਾ ਕਿ ਜੇਕਰ ਪਾਰਟੀ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਇਹ ਯੋਜਨਾ ਲਾਗੂ ਕੀਤੀ ਜਾਵੇਗੀ ਅਤੇ ਇਸ ਦੇ ਤਹਿਤ ਔਰਤਾਂ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ।
ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਦਾ ਕਹਿਣਾ ਹੈ ਕਿ ਉਹ ਸੂਬੇ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਤ੍ਰਿਣਮੂਲ ਕਾਂਗਰਸ ਦੀ ਗੋਆ ਦੀ ਸਹਿ-ਇੰਚਾਰਜ ਮਹੂਆ ਮੋਇਤਰਾ ਨੇ ਕਿਹਾ ਕਿ ਰਾਜ ਦੇ 3.5 ਲੱਖ ਘਰਾਂ ਦੀਆਂ ਔਰਤਾਂ ਨੂੰ ਗ੍ਰਹਿ ਲਕਸ਼ਮੀ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ । ਨੇਤਾ ਮਹੂਆ ਮੋਇਤਰਾ ਨੇ ਦੱਸਿਆ ਕਿ ‘ਗ੍ਰਹਿ ਲਕਸ਼ਮੀ’ ਤਹਿਤ ਹਰ ਮਹੀਨੇ ਪੰਜ ਹਜ਼ਾਰ ਰੁਪਏ ਹਰੇਕ ਘਰ ਦੀ ਇੱਕ ਔਰਤ ਦੇ ਖਾਤੇ ਵਿੱਚ ਸਿੱਧੇ ਟਰਾਂਸਫਰ ਕੀਤੇ ਜਾਣਗੇ ਤਾਂ ਜੋ ਮਹਿੰਗਾਈ ਨਾਲ ਨਜਿੱਠਣ ਵਿੱਚ ਮਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਜਲਦੀ ਹੀ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਕਾਰਡ ਵੰਡਣ ਦਾ ਕੰਮ ਸ਼ੁਰੂ ਕਰੇਗੀ। ਇਸ ਕਾਰਡ ‘ਤੇ ਇੱਕ ਪਛਾਣ ਨੰਬਰ ਹੋਵੇਗਾ ਅਤੇ ਤ੍ਰਿਣਮੂਲ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਇਸ ਦਾ ਅਮਲ ਸ਼ੁਰੂ ਹੋ ਜਾਵੇਗਾ।