ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਕਮਿਸ਼ਨਰ (ਸੀਪੀ) ਹਰਮਨਵੀਰ ਸਿੰਘ ਗਿੱਲ ਖੁਦ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਘਟਨਾ ਸਥਾਨ ਤੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕਰਕੇ ਕਾਨੂੰਨ-ਵਿਵਸਥਾ ਦੀ ਸਮੀਖਿਆ ਕੀਤੀ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮੈਡ ਸੰਧੂ ਨੇੜਲੇ ਹੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਸੋਸ਼ਲ ਮੀਡੀਆ ਇੰਫਲੂਐਂਸਰ ਸੀ। ਵਾਰਦਾਤ ਵਾਲੇ ਦਿਨ ਉਹ ਲੋਹਾਰਕਾ ਰੋਡ ਸਥਿਤ ਇੱਕ ਵਾਸ਼ਿੰਗ ਸਟੇਸ਼ਨ ਤੇ ਆਪਣੀ ਗੱਡੀ ਧੁਆਉਣ ਲਈ ਆਇਆ ਸੀ। ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰ ਪਿੱਛੇ ਤੋਂ ਹੀ ਉਸ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਤੇ ਰੇਕੀ ਕੀਤੀ ਜਾ ਰਹੀ ਸੀ। ਜਿਵੇਂ ਹੀ ਮੌਕਾ ਮਿਲਿਆ, ਹਮਲਾਵਰਾਂ ਨੇ ਵਾਸ਼ਿੰਗ ਸਟੇਸ਼ਨ ਨੇੜੇ ਲੋਹਾਰਕਾ ਰੋਡ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸੇ ਰਸਤੇ ਤੋਂ ਫਰਾਰ ਹੋ ਗਏ।
ਸੀਪੀ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਟੀਮ ਦੇ ਹੱਥ ਕਈ ਠੋਸ ਤੇ ਅਹਿਮ ਸੁਰਾਗ ਲੱਗੇ ਹਨ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ, ਯਾਨੀ ਸਾਜ਼ਿਸ਼ ਕਿਸ ਨੇ ਰਚੀ, ਇਸ ਸਬੰਧੀ ਪੁਲਿਸ ਦੀ ਜਾਂਚ ‘ਚ ਕਾਫ਼ੀ ਹੱਦ ਤੱਕ ਤਸਵੀਰ ਸਪੱਸ਼ਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੁਝ ਸਮੇਂ ਦੀ ਗੱਲ ਹੈ, ਬਹੁਤ ਜਲਦ ਨਤੀਜੇ ਸਭ ਦੇ ਸਾਹਮਣੇ ਹੋਣਗੇ ਤੇ ਸਾਰੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।












