ਗਾਇਕ ਮਨਕੀਰਤ ਔਲਖ ਵਿਦੇਸ਼ ਤੋਂ ਵਾਪਸ ਪੰਜਾਬ ਆ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਮਨਕੀਰਤ ਨੇ ਲਾਈਵ ਸ਼ੋਅ ‘ਚ ਪਰਫਾਰਮ ਕਰਨਾ ਸੀ, ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਜਾਣਾ ਪਿਆ। ਸ਼ਨੀਵਾਰ ਨੂੰ ਮਨਕੀਰਤ ਸਖਤ ਸੁਰੱਖਿਆ ਦੇ ਨਾਲ ਲਾਈਵ ਸ਼ੋਅ ਕਰਨ ਲਈ ਦਿੱਲੀ ਲਈ ਰਵਾਨਾ ਹੋਏ। ਪੰਜਾਬ ਪਹੁੰਚ ਕੇ ਮਨਕੀਰਤ ਫਿਰ ਤੋਂ ਆਪਣੇ ਪੁਰਾਣੇ ਅੰਦਾਜ਼ ‘ਚ ਪੂਰੇ ਟਸ਼ਨ ‘ਚ ਨਜ਼ਰ ਆਏ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੰਜਾਬ ਪਹੁੰਚਣ ਦੀ ਵੀਡੀਓ ਰੀਲ ਵੀ ਬਣਾਈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।
ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕਲੀਨ ਚਿੱਟ ਮਿਲ ਗਈ ਹੈ। ਪੰਜਾਬ ਪੁਲਿਸ ਦੀ ਜਾਂਚ ਵਿੱਚ ਮਨਕੀਰਤ ਔਲਖ ਦੀ ਇਸ ਕਤਲ ਵਿੱਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਇਸ ਨੂੰ ਔਲਖ ਦੀ ਸਾਜ਼ਿਸ਼ ਦੱਸਿਆ ਸੀ। ਇਸ ਦੌਰਾਨ ਮਨਕੀਰਤ ਨੇ ਆਪਣੀ ਤਰਫੋਂ ਸਪੱਸ਼ਟੀਕਰਨ ਵੀ ਦਿੱਤਾ ਪਰ ਬੰਬੀਹਾ ਗੈਂਗ ਨੇ ਮਨਕੀਰਤ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੇ ਮਨਕੀਰਤ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ, ਉੱਥੇ ਹੀ ਮਨਕੀਰਤ ਵੀ ਕਰੀਬ 3 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ।












