ਨਵੀ ਦਿੱਲੀ, 8 ਦਸੰਬਰ 2021 – ਰਾਜਸਥਾਨ ਵਿੱਚ ਇੱਕ ਸਕੂਲੀ ਵਿਦਿਆਰਥਣ ਨਾਲ ਪ੍ਰਿੰਸੀਪਲ ਤੇ 3 ਅਧਿਆਪਕਾਂ ‘ਤੇ ਸਮੂਹਿਕ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ। ਵਿਦਿਆਰਥਣ ਨੇ ਜਦੋਂ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਦੇ ਸਕੂਲ ਦੇ ਪ੍ਰਿੰਸੀਪਲ ਅਤੇ ਤਿੰਨ ਅਧਿਆਪਕਾਂ ਵੱਲੋਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤਾਂ ਉਸ ਦੇ ਹੋਸ਼ ਉੱਡ ਗਏ। ਮਾਮਲਾ ਅਲਵਰ ਜ਼ਿਲ੍ਹੇ ਦਾ ਹੈ। ਇੱਥੋਂ ਦੇ ਇੱਕ ਸਰਕਾਰੀ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ ਸਕੂਲ ਦੀਆਂ ਦੋ ਹੋਰ ਮਹਿਲਾ ਅਧਿਆਪਕਾਂ ਨੇ ਵੀ ਇਸ ਘਿਨਾਉਣੇ ਕਾਰਨਾਮੇ ਦੀ ਵੀਡੀਓ ਬਣਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਿਤਾ ਪੇਸ਼ੇ ਤੋਂ ਟਰੱਕ ਡਰਾਈਵਰ ਹੈ ਅਤੇ ਉਸ ਦੀ ਮਾਂ ਗੂੰਗੀ ਹੈ। ਲੜਕੀ ਦਾ ਪਿਤਾ ਅਕਸਰ ਕੰਮ ਲਈ ਬਾਹਰ ਰਹਿੰਦਾ ਹੈ। ਜਦੋਂ ਉਹ ਹਾਲ ਹੀ ਵਿਚ ਆਪਣੇ ਘਰ ਪਰਤਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਧੀ ਨੇ ਸਕੂਲ ਛੱਡ ਦਿੱਤਾ ਹੈ। ਇਸ ਸਬੰਧੀ ਜਦੋਂ ਪਿਤਾ ਨੇ ਆਪਣੀ ਧੀ ਨਾਲ ਗੱਲ ਕੀਤੀ ਤਾਂ ਇਹ ਸਾਰੀ ਗੱਲ ਸਾਹਮਣੇ ਆਈ।
ਮਹਿਲਾ ਅਧਿਆਪਕ ਵੀਡੀਓ ਬਣਾ ਰਹੀ ਸੀ
ਵਿਦਿਆਰਥਣ ਨੇ ਦੱਸਿਆ ਕਿ ਸਕੂਲ ਦੀਆਂ ਦੋ ਮਹਿਲਾ ਅਧਿਆਪਕਾਂ ਨੇ ਉਸ ਨੂੰ ਮੁਫ਼ਤ ਡਰੈੱਸ, ਕਾਪੀ ਅਤੇ ਕਿਤਾਬ ਦੇਣ ਦਾ ਲਾਲਚ ਦੇ ਕੇ ਉਸ ਦੀ ਫੀਸ ਭਰਨ ਦਾ ਲਾਲਚ ਦਿੱਤਾ। ਬਾਅਦ ਵਿਚ ਉਹ ਉਸ ਨੂੰ ਸਕੂਲ ਦੇ ਨੇੜੇ ਹੀ ਰਹਿੰਦੀ ਇਕ ਅਧਿਆਪਕਾ ਦੇ ਘਰ ਲੈ ਗਈਆਂ। ਉਥੇ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਹੋਰ ਅਧਿਆਪਕ ਪਹਿਲਾਂ ਹੀ ਸ਼ਰਾਬ ਪੀ ਰਹੇ ਸਨ। ਉੱਥੇ ਜਾ ਕੇ ਇੱਕ ਮਹਿਲਾ ਅਧਿਆਪਕ ਨੇ ਉਸ ਦੇ ਕੱਪੜੇ ਉਤਾਰ ਦਿੱਤੇ। ਬਾਅਦ ਵਿੱਚ ਚਾਰੇ ਪੁਰਸ਼ ਅਧਿਆਪਕਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਦੌਰਾਨ ਦੋਵੇਂ ਮਹਿਲਾ ਅਧਿਆਪਕਾਂ ਉਸ ਦਾ ਵੀਡੀਓ ਬਣਾਉਂਦੀਆਂ ਰਹੀਆਂ।
ਫ਼ੇਲ੍ਹ ਹੋਣ ਦੀ ਧਮਕੀ ਦਿੱਤੀ
ਲੜਕੀ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਅਧਿਆਪਕਾਂ ਦੇ ਇਸ ਕੰਮ ਦਾ ਵਿਰੋਧ ਕੀਤਾ ਤਾਂ ਉਸ ਨੂੰ ਫ਼ੇਲ੍ਹ ਕਰਨ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ। ਕੁਝ ਦਿਨਾਂ ਬਾਅਦ ਮਹਿਲਾ ਅਧਿਆਪਕ ਦੇ ਪਤੀ ਅਤੇ ਹੋਰਨਾਂ ਵੱਲੋਂ ਉਸ ਨਾਲ ਫਿਰ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਮਾਮਲੇ ਵਿੱਚ ਪੀੜਤਾ ਨੇ ਆਪਣੇ ਪਿਤਾ ਦੀ ਮਦਦ ਨਾਲ ਥਾਣੇ ਵਿੱਚ ਕੇਸ ਵੀ ਦਰਜ ਕਰਵਾਇਆ ਹੈ।
ਤਿੰਨ ਹੋਰ ਵਿਦਿਆਰਥਣਾਂ ਨੇ ਵੀ ਕੇਸ ਦਰਜ ਕਰਵਾਇਆ ਹੈ
ਪੁਲੀਸ ਅਨੁਸਾਰ ਇਸ ਵਿਦਿਆਰਥਣ ਤੋਂ ਇਲਾਵਾ ਤਿੰਨ ਹੋਰ ਵਿਦਿਆਰਥਣਾਂ ਨੇ ਵੀ ਇਸ ਸਕੂਲ ਦੇ ਅਧਿਆਪਕਾਂ ਖ਼ਿਲਾਫ਼ ਛੇੜਛਾੜ ਦਾ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥਣ ਛੇਵੀਂ, ਦੂਜੀ ਚੌਥੀ ਅਤੇ ਤੀਜੀ ਵਿਦਿਆਰਥਣ ਤੀਜੀ ਜਮਾਤ ਵਿੱਚ ਪੜ੍ਹਦੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਇਸੇ ਸਕੂਲ ਦੇ ਇੱਕ ਹੋਰ ਅਧਿਆਪਕ ਖਿਲਾਫ ਵੀ ਅਜਿਹਾ ਹੀ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।