ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਅਮਰੀਕਾ ਨੇ ਨਾਕਾਮ ਕਰ ਦਿੱਤਾ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਸਰਕਾਰ ਨੇ ਭਾਰਤ ‘ਤੇ ਇਸ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਭਾਰਤ ਨੂੰ ਚੇਤਾਵਨੀ ਵੀ ਜਾਰੀ ਕੀਤੀ ਸੀ। ਰਿਪੋਰਟ ‘ਚ ਇਹ ਸਪੱਸ਼ਟ ਨਹੀਂ ਹੈ ਕਿ ਇਹ ਘਟਨਾ ਕਦੋਂ ਵਾਪਰੀ।
ਇਸਤੋਂ ਇਲਾਵਾ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਧਰਤੀ ‘ਤੇ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਕਥਿਤ ਦੋਸ਼ੀ ਖ਼ਿਲਾਫ਼ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਸੀਲਬੰਦ ਕੇਸ ਦਾਇਰ ਕੀਤਾ ਗਿਆ ਹੈ। ਪਰ ਦੋਸ਼ੀ ਕੌਣ ਹੈ ਅਤੇ ਉਸ ਤੇ ਕੀ ਇਲਜ਼ਾਮ ਹਨ ਇਹ ਤਾਂ ਲਿਫਾਫਾ ਖੁੱਲ੍ਹਣ ‘ਤੇ ਹੀ ਪਤਾ ਲੱਗੇਗਾ।
ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਅਮਰੀਕਾ ਨੇ ਭਾਰਤ ਨੂੰ ਡਿਪਲੋਮੈਟਿਕ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੇ ਇੱਕ ਕਥਿਤ ਦੋਸ਼ੀ ਖ਼ਿਲਾਫ਼ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਸੀਲਬੰਦ ਕੇਸ ਦਾਇਰ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਇਸ ਸਮੇਂ ਬਹਿਸ ਕਰ ਰਿਹਾ ਹੈ ਕਿ ਕੀ ਇਸ ਸੀਲਬੰਦ ਕੇਸ ਨੂੰ ਹੁਣ ਖੋਲ੍ਹਿਆ ਜਾਣਾ ਚਾਹੀਦਾ ਹੈ ਅਤੇ ਦੋਸ਼ਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਜਾਂ ਅੱਤਵਾਦੀ ਨਿੱਝਰ ਦੀ ਹੱਤਿਆ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਖੋਲਿਆ ਜਾਣਾ ਚਾਹੀਦਾ ਹੈ ।
ਦਰਅਸਲ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ‘ਚ ਜੂਨ ਮਹੀਨੇ ਮੌਤ ਹੋ ਗਈ ਸੀ। ਕੈਨੇਡਾ ਨੇ ਭਾਰਤ ‘ਤੇ ਉਸ ਦੇ ਕਤਲ ਦਾ ਦੋਸ਼ ਲਾਇਆ ਸੀ। ਭਾਰਤ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਰਿਪੋਰਟ ਮੁਤਾਬਕ ਜੂਨ ਵਿੱਚ ਵੈਨਕੂਵਰ ਵਿੱਚ ਮਾਰੇ ਗਏ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਅਮਰੀਕਾ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਬਾਰੇ ਕੁਝ ਸਹਿਯੋਗੀਆਂ ਨੂੰ ਸੂਚਿਤ ਕੀਤਾ ਸੀ। ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੂਨ ‘ਚ ਵਾਸ਼ਿੰਗਟਨ ਦੌਰੇ ਤੋਂ ਬਾਅਦ ਅਮਰੀਕਾ ਨੇ ਇਸ ਦਾ ਵਿਰੋਧ ਕੀਤਾ ਸੀ।
ਫਾਈਨੈਂਸ਼ੀਅਲ ਟਾਈਮਜ਼ ਨੇ ਇਸ ਮਾਮਲੇ ‘ਤੇ ਪੰਨੂ ਨਾਲ ਗੱਲ ਕੀਤੀ। ਹਾਲਾਂਕਿ ਪੰਨੂ ਨੇ ਇਹ ਨਹੀਂ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਾਜ਼ਿਸ਼ ਬਾਰੇ ਜਾਣਕਾਰੀ ਦਿੱਤੀ ਸੀ ਜਾਂ ਨਹੀਂ, ਉਨ੍ਹਾਂ ਕਿਹਾ – ਮੈਂ ਚਾਹੁੰਦਾ ਹਾਂ ਕਿ ਅਮਰੀਕੀ ਸਰਕਾਰ ਖੁਦ ਅਮਰੀਕੀ ਧਰਤੀ ‘ਤੇ ਮੈਨੂੰ ਮਾਰਨ ਦੀ ਸਾਜ਼ਿਸ਼ ਦਾ ਜਵਾਬ ਦੇਵੇ। ਅਮਰੀਕੀ ਧਰਤੀ ‘ਤੇ ਕਿਸੇ ਅਮਰੀਕੀ ਨਾਗਰਿਕ ਲਈ ਖਤਰਾ ਅਮਰੀਕਾ ਦੀ ਪ੍ਰਭੂਸੱਤਾ ਲਈ ਚੁਣੌਤੀ ਹੈ ਅਤੇ ਮੈਨੂੰ ਭਰੋਸਾ ਹੈ ਕਿ ਬਾਇਡਨ ਪ੍ਰਸ਼ਾਸਨ ਅਜਿਹੀ ਕਿਸੇ ਵੀ ਚੁਣੌਤੀ ਨਾਲ ਨਜਿੱਠ ਸਕਦਾ ਹੈ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ।












