ਆਸਟ੍ਰੇਲੀਆ ਵਿੱਚ ਅਭਿਆਸ ਦੌਰਾਨ ਅਮਰੀਕੀ ਫੌਜ ਦਾ ਵੀ-22 ਓਸਪ੍ਰੇ ਹੈਲੀਕਾਪਟਰ ਐਤਵਾਰ, 27 ਅਗਸਤ ਨੂੰ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਸਵਾਰ 23 ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 3 ਜਵਾਨਾਂ ਦੀ ਬਾਅਦ ਵਿੱਚ ਮੌਤ ਹੋ ਗਈ। ਬਾਕੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਵਾਨਾਂ ਨੂੰ ਬਚਾਉਣ ਲਈ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ। ਇਹ ਹਾਦਸਾ ਸਵੇਰੇ 9:43 ਵਜੇ ਡਾਰਵਿਨ ਸ਼ਹਿਰ ਦੇ ਤਿਵੀ ਟਾਪੂ ਦੇ ਤੱਟ ‘ਤੇ ਵਾਪਰਿਆ। ਫੌਜੀ ਅਭਿਆਸ ਵਿੱਚ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਸਨ।
ਆਸਟ੍ਰੇਲੀਅਨ ਡਿਫੈਂਸ ਫੋਰਸ ਯਾਨੀ ADF ਨੇ ਦੱਸਿਆ ਕਿ ਇਸ ਸਮੇਂ ਅਸੀਂ ਸਿਰਫ ਸੈਨਿਕਾਂ ਨੂੰ ਬਚਾਉਣ ‘ਤੇ ਧਿਆਨ ਦੇ ਰਹੇ ਹਾਂ। ਡਾਰਵਿਨ ਹਵਾਈ ਅੱਡੇ ਤੋਂ ਬਚਾਅ ਕਾਰਜ ਲਈ ਕੇਅਰ ਫਲਾਈਟ ਜੈੱਟ ਦੀ ਵਰਤੋਂ ਕੀਤੀ ਗਈ ਸੀ। ਕਈ ਸੈਨਿਕਾਂ ਨੂੰ ਇਲਾਜ ਲਈ ਰਾਇਲ ਡਾਰਵਿਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਸਾਲ ਅਮਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਇਹ ਸਭ ਤੋਂ ਵੱਡਾ ਅਭਿਆਸ ਹੈ। ਇਸ ਅਭਿਆਸ ਵਿੱਚ 150 ਅਮਰੀਕੀ ਸੈਨਿਕ ਹਿੱਸਾ ਲੈ ਰਹੇ ਹਨ। ਆਸਟ੍ਰੇਲੀਆ ਦੀ ਰੱਖਿਆ ਬਲ ਮੁਤਾਬਕ ਕਰੈਸ਼ ਹੋਏ ਹੈਲੀਕਾਪਟਰ ਵਿਚ ਸਵਾਰ ਸਾਰੇ ਸੈਨਿਕ ਅਮਰੀਕੀ ਸਨ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਘਟਨਾ ‘ਤੇ ਪ੍ਰੈੱਸ ਕਾਨਫਰੰਸ ਕੀਤੀ ਤੇ ਉਨ੍ਹਾਂ ਇਸ ਹਾਦਸੇ ਨੂੰ ਦੁਖਦਾਈ ਦੱਸਿਆ। ਅਭਿਆਸ ਦੌਰਾਨ ਇਹ ਦੂਜਾ ਵੱਡਾ ਹਾਦਸਾ ਹੈ।
ਇਸ ਤੋਂ ਪਹਿਲਾਂ 29 ਜੁਲਾਈ ਨੂੰ ਅਮਰੀਕਾ ਨਾਲ ਮਿਲਟਰੀ ਅਭਿਆਸ ਦੌਰਾਨ ਆਸਟ੍ਰੇਲੀਆਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। MRH-900 Taipan ਹੈਲੀਕਾਪਟਰ ਹੈਮਿਲਟਨ ਟਾਪੂ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ।











