ਝੀਲਾਂ ਦੇ ਸ਼ਹਿਰ ਉਦੈਪੁਰ ‘ਚ ਅੱਜ ਤੋਂ ਕਾਂਗਰਸ ਦਾ ਚਿੰਤਨ ਸ਼ਿਵਿਰ ਸ਼ੁਰੂ ਹੋਣ ਜਾ ਰਿਹਾ ਹੈ। ਰਾਜਸਥਾਨ ਦੇ ਉਦੈਪੁਰ ‘ਚ ਸ਼ੁਰੂ ਹੋ ਰਿਹਾ ਕਾਂਗਰਸ ਦਾ ਚਿੰਤਨ ਸ਼ਿਵਿਰ 13 ਤੋਂ 15 ਮਈ ਤੱਕ ਚੱਲੇਗਾ। ਪਾਰਟੀ ਦੇ ਸਾਰੇ ਵੱਡੇ ਆਗੂਆਂ ਦੇ ਇੱਥੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਹਾਜ਼ ਰਾਹੀਂ ਇੱਥੇ ਪਹੁੰਚਣਗੇ। ਇਸ ਤੋਂ ਪਹਿਲਾਂ ਰਾਹੁਲ-ਪ੍ਰਿਅੰਕਾ ਗਾਂਧੀ ਪਹੁੰਚ ਚੁੱਕੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਰਾਤ 8 ਵਜੇ ਦਿੱਲੀ ਦੇ ਸਰਾਏ ਰੋਹਿਲਾ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਰਵਾਨਾ ਹੋਏ ਸਨ ਅਤੇ ਸ਼ੁੱਕਰਵਾਰ ਸਵੇਰੇ ਉਦੈਪੁਰ ਪਹੁੰਚੇ ਹਨ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਵੀ ਜਲਦੀ ਹੀ ਇੱਥੇ ਪਹੁੰਚ ਸਕਦੇ ਹਨ।

ਸ਼ੁੱਕਰਵਾਰ ਸਵੇਰੇ ਰੇਲਗੱਡੀ ਰਾਹੀਂ ਪਹੁੰਚੇ ਰਾਹੁਲ ਗਾਂਧੀ ਦਾ ਸਟੇਸ਼ਨ ‘ਤੇ ਰਾਜਸਥਾਨੀ ਅੰਦਾਜ਼ ‘ਚ ਸਵਾਗਤ ਕੀਤਾ ਗਿਆ। ਰਾਹੁਲ ਗਾਂਧੀ ਦੇ ਨਾਲ ਦਿੱਲੀ ਦੇ ਕਈ ਵੱਡੇ ਨੇਤਾ ਵੀ ਰੇਲ ਗੱਡੀ ਰਾਹੀਂ ਆਏ ਹਨ। ਸਾਰੇ ਆਗੂ ਬੱਸ ਰਾਹੀਂ ਹੋਟਲ ਤਾਜ ਅਰਾਵਲੀ ਲਈ ਰਵਾਨਾ ਹੋ ਗਏ ਹਨ। ਪ੍ਰਿਅੰਕਾ ਗਾਂਧੀ ਵੀ ਹੋਟਲ ਪਹੁੰਚ ਚੁੱਕੀ ਹੈ। ਇਸ ਹੋਟਲ ਵਿੱਚ ਹੀ ਚਿੰਤਨ ਸ਼ਿਵਰ ਦਾ ਆਯੋਜਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਹੋਰ ਵੱਡੇ ਨੇਤਾਵਾਂ ਦੇ ਠਹਿਰਨ ਦਾ ਵੀ ਇੰਤਜ਼ਾਮ ਵੀ ਇਥੇ ਹੀ ਕੀਤਾ ਗਿਆ ਹੈ।

ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਬੋਧਨ ਨਾਲ ਚਿੰਤਨ ਸ਼ਿਵਿਰ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਆਗੂਆਂ ਵਿਚਾਲੇ ਸਮੂਹਿਕ ਗੱਲਬਾਤ ਸ਼ੁਰੂ ਹੋਵੇਗੀ। ਇਹ ਸ਼ਾਮ 5 ਵਜੇ ਤੱਕ ਚੱਲੇਗਾ। ਸਮੂਹ ਸੰਵਾਦ ਦੂਜੇ ਦਿਨ ਯਾਨੀ ਸ਼ਨੀਵਾਰ ਨੂੰ ਸਵੇਰੇ 10:30 ਵਜੇ ਤੋਂ ਸ਼ੁਰੂ ਹੋਵੇਗਾ। ਇਹ ਕਰੀਬ 2:30 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ ਰਾਤ ਨੂੰ ਛੇ ਕਮੇਟੀਆਂ ਦੀ ਮੀਟਿੰਗ ਹੋਵੇਗੀ। ਚਿੰਤਨ ਸ਼ਿਵਿਰ ਦੇ ਪ੍ਰੋਗਰਾਮ ਆਖਰੀ ਦਿਨ 15 ਮਈ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਣਗੇ।
ਉਦੈਪੁਰ ‘ਚ ਕਾਂਗਰਸ ਦੇ ਚਿੰਤਨ ਸ਼ਿਵਿਰ ‘ਚ ਸ਼ਾਮਲ ਹੋਣ ਲਈ 400 ਤੋਂ ਵੱਧ ਨੇਤਾ ਇਕੱਠੇ ਹੋਣਗੇ। ਰਾਜਸਥਾਨ ਪੁਲਿਸ ਵੀ ਆਪਣੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੌਕਸ ਹੈ। ਏਡੀਜੀ ਲਾਅ ਐਂਡ ਆਰਡਰ ਹਵਾ ਸਿੰਘ ਘੁਮਰੀਆ ਖੁਦ ਉਦੈਪੁਰ ਵਿੱਚ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਅੱਧੀ ਦਰਜਨ ਤੋਂ ਵੱਧ ਆਈਪੀਐਸ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ।












