ਲੀਬੀਆ ਦੇ ਨੇੜੇ ਇੱਕ ਕਿਸ਼ਤੀ ਡੁੱਬਣ ਕਰਕੇ ਇਸ ਵਿੱਚ ਸਵਾਰ 60 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਇਸ ਕਿਸ਼ਤੀ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਕਿਸ਼ਤੀ 86 ਲੋਕਾਂ ਨੂੰ ਲੈ ਕੇ ਲੀਬੀਆ ਦੇ ਜਵਾਰਾ ਬੰਦਰਗਾਹ ਤੋਂ ਯੂਰਪ ਲਈ ਰਵਾਨਾ ਹੋਈ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਕਿਸ਼ਤੀ ਸਮੁੰਦਰ ਵਿੱਚ ਤੇਜ਼ ਲਹਿਰਾਂ ਦੇ ਸਾਹਮਣੇ ਨਹੀਂ ਖੜ੍ਹ ਸਕੀ ਅਤੇ ਡੁੱਬ ਗਈ। ਇਸ ਤਰ੍ਹਾਂ 2023 ‘ਚ ਗੈਰ-ਕਾਨੂੰਨੀ ਤਰੀਕੇ ਨਾਲ ਯੂਰਪ ਜਾਣ ਦੀ ਕੋਸ਼ਿਸ਼ ਦੌਰਾਨ 2200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਨੇ ਲੀਬੀਆ ਤੋਂ ਯੂਰਪ ਤੱਕ ਦੇ ਰਸਤੇ ਨੂੰ ਸਭ ਤੋਂ ਖਤਰਨਾਕ ਮਾਈਗ੍ਰੇਸ਼ਨ ਰੂਟ ਐਲਾਨਿਆ ਹੈ।
ਕੁਝ ਨਿਗਰਾਨੀ ਸਮੂਹਾਂ ਦੇ ਅਨੁਸਾਰ, 2014 ਤੋਂ ਹੁਣ ਤੱਕ ਇਸ ਮਾਰਗ ‘ਤੇ 20 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਲਾਪਤਾ ਹੋ ਗਏ ਹਨ। ਮਰਨ ਵਾਲੇ ਜ਼ਿਆਦਾਤਰ ਨਾਈਜੀਰੀਆ, ਗਾਂਬੀਆ ਅਤੇ ਹੋਰ ਅਫਰੀਕੀ ਦੇਸ਼ਾਂ ਦੇ ਸਨ। ਇਸ ਹਾਦਸੇ ਵਿਚ ਬਚੇ 25 ਲੋਕਾਂ ਨੂੰ ਲੀਬੀਆ ਦੇ ਇਕ ਨਜ਼ਰਬੰਦੀ ਕੇਂਦਰ ਵਿਚ ਭੇਜਿਆ ਗਿਆ ਹੈ।
ਇਸ ਸਾਲ 14 ਜੂਨ ਨੂੰ ਗ੍ਰੀਸ ਨੇੜੇ ਕਿਸ਼ਤੀ ਡੁੱਬਣ ਦੀ ਘਟਨਾ ਵਿੱਚ ਪਾਕਿਸਤਾਨ ਦੇ 300 ਲੋਕਾਂ ਦੀ ਮੌਤ ਹੋ ਗਈ ਸੀ। ਇਹ ਜਾਣਕਾਰੀ ਪਾਕਿਸਤਾਨ ਦੇ ਸਥਾਨਕ ਮੀਡੀਆ ਨੇ ਦਿੱਤੀ। ਪਾਕਿਸਤਾਨੀ ਨਿਊਜ਼ ਵੈੱਬਸਾਈਟ ਡਾਨ ਮੁਤਾਬਕ ਕਿਸ਼ਤੀ ‘ਤੇ ਪਾਕਿਸਤਾਨ ਦੇ 400, ਮਿਸਰ ਦੇ 200 ਅਤੇ ਸੀਰੀਆ ਦੇ 150 ਲੋਕ ਸਵਾਰ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਦਸੇ ਤੋਂ ਬਾਅਦ ਮਨੁੱਖੀ ਤਸਕਰਾਂ ਵਿਰੁੱਧ ਕਾਰਵਾਈ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਤੋਂ 9 ਮਨੁੱਖੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ‘ਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਪਾਕਿਸਤਾਨ ਤੋਂ ਲੋਕਾਂ ਨੂੰ ਯੂਰਪ ਲਿਜਾਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਸੀ।
ਦਰਅਸਲ, ਪਾਕਿਸਤਾਨ ਵਿੱਚ ਆਰਥਿਕ ਸੰਕਟ ਅਤੇ ਰਾਜਨੀਤਿਕ ਅਸਥਿਰਤਾ ਤੋਂ ਪਰੇਸ਼ਾਨ ਬਹੁਤ ਸਾਰੇ ਲੋਕ ਗੈਰ-ਕਾਨੂੰਨੀ ਤਰੀਕਿਆਂ ਨਾਲ ਯੂਰਪ ਵੱਲ ਪਰਵਾਸ ਕਰ ਰਹੇ ਹਨ। ਕੁਝ ਇਸ ਵਿਚ ਕਾਮਯਾਬ ਹੋ ਜਾਂਦੇ ਹਨ ਜਦਕਿ ਕੁਝ ਆਪਣੀ ਜਾਨ ਗੁਆ ਲੈਂਦੇ ਹਨ। ਸੰਯੁਕਤ ਰਾਸ਼ਟਰ ਮੁਤਾਬਕ ਕਿਸ਼ਤੀ ‘ਚ 400 ਤੋਂ 750 ਲੋਕ ਮੌਜੂਦ ਸਨ। ਇਨ੍ਹਾਂ ਵਿੱਚੋਂ 200 ਤੋਂ ਵੱਧ ਪਾਕਿਸਤਾਨ ਦੇ ਸਨ। ਹਾਦਸੇ ਤੋਂ ਬਾਅਦ 78 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਦਕਿ 500 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਇਸ ਦੇ ਨਾਲ ਹੀ ‘ਦ ਗਾਰਡੀਅਨ’ ਨੇ ਹਾਦਸੇ ‘ਚ ਬਚੇ ਲੋਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਾਕਿਸਤਾਨ ਦੇ ਲੋਕਾਂ ਨੂੰ ਜਾਣਬੁੱਝ ਕੇ ਕਿਸ਼ਤੀ ਦੇ ਹੇਠਾਂ ਗੋਦੀ ਵਾਲੇ ਖੇਤਰ ‘ਚ ਭੇਜਿਆ ਗਿਆ ਸੀ, ਜਿੱਥੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਕਿਸ਼ਤੀ ਵਿੱਚ ਮੌਜੂਦ ਲੋਕਾਂ ਨੇ ਜਾਣਬੁੱਝ ਕੇ ਅਜਿਹਾ ਕੀਤਾ।












