ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਗੁਰੂਗ੍ਰਾਮ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਣੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 2.27 ਕਰੋੜ ਰੁਪਏ ਦੀ ਈਥਾਮਾਈਨ ਬਰਾਮਦ ਹੋਈ ਹੈ। ਜਿਸ ਨੂੰ ਪਾਰਸਲ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਸੀ।
ਦੱਸ ਦਈਏ ਕਿ ਮੁਲਜ਼ਮਾਂ ਦੀ ਪਛਾਣ ਜ਼ੁਬੇਰ ਹਸਨ ਵਾਸੀ ਵਣ ਵਿਹਾਰ ਟੈਂਕ ਰੋਡ, ਜੈਪੁਰ, ਸ੍ਰੀਕਾਂਤ ਤ੍ਰਿਪਾਠੀ ਵਾਸੀ ਕੀਰਤੀ ਨਗਰ ਟੈਂਕ ਰੋਡ, ਜੈਪੁਰ ਅਤੇ ਰਾਮ ਲਾਲ ਵਾਸੀ ਪੁਲਗਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਇੰਸਪੈਕਟਰ ਮਨੋਜ ਸਾਂਗਵਾਨ ਨੇ ਦੱਸਿਆ ਕਿ ਮੁਲਜ਼ਮ ਰਾਮ ਲਾਲ ਨੂੰ ਹਿਮਾਚਲ ਪ੍ਰਦੇਸ਼ ਤੋਂ ਛਾਪੇਮਾਰੀ ਦੌਰਾਨ ਫੜਿਆ ਗਿਆ ਹੈ। ਟੀਮ ਨੇ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਮੁਲਜ਼ਮ ਕਿੰਨੇ ਸਮੇਂ ਤੋਂ ਨਸ਼ੇ ਦਾ ਧੰਦਾ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਨੇ ਨਸ਼ੇ ਦੀ ਖੇਪ ਕਿੱਥੇ-ਕਿੱਥੇ ਸਪਲਾਈ ਕੀਤੀ ਹੈ।
ਮਨੋਜ ਸਾਂਗਵਾਨ ਨੇ ਕਿਹਾ ਕਿ ਸਾਈਬਰ ਸਿਟੀ ਅਤੇ ਹਰਿਆਣਾ ਵਿੱਚ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਕਿਤੇ ਵੀ ਨਸ਼ਾ ਵੇਚਦੇ ਦੇਖਦੇ ਹੋ, ਤਾਂ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਟੋਲ ਫਰੀ ਨੰਬਰ 90508-91508 ‘ਤੇ ਜਾਣਕਾਰੀ ਦੇ ਸਕਦੇ ਹੋ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।











